ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 211


ਪੂਰਬ ਸੰਜੋਗ ਮਿਲਿ ਸੁਜਨ ਸਗਾਈ ਹੋਤ ਸਿਮਰਤ ਸੁਨਿ ਸੁਨਿ ਸ੍ਰਵਨ ਸੰਦੇਸ ਕੈ ।

ਪੂਰਬਲਿਆਂ ਜਨਮਾਂ ਦੀ ਭੌਣੀ ਅਨੁਸਾਰ ਜਦ ਸਮਾਂ ਸੰਜੋਗ ਅਉਸਰ ਮਿਲ ਪੈਂਦਾ ਆਣ ਢੁੱਕਦਾ ਹੈ ਤਾਂ ਮਨੁਖ ਨੂੰ ਭਾਗੁ ਹੋਆ ਗੁਰਿ ਸੰਤ ਮਿਲਾਇਆ ਬਚਨ ਮੂਜਬ ਸਜਨ ਸ੍ਰੇਸ਼ਟ ਪੁਰਖਾਂ, ਸਕਿਆਂ ਆਪਣਿਆਂ ਜਨਾਂ, ਸੰਤਾਂ ਸਤਿਗੁਰਾਂ ਦੀ ਸੰਗਤ ਪ੍ਰਾਪਤ ਹੋ ਆਯਾ ਕਰਦੀ ਹੈ ਤੇ ਏਹੋ ਸਤਿਸੰਗ ਹੀ, ਮਾਨੋ ਓਸ ਵਾਹਿਗੁਰੂ ਦੇ ਘਰ ਦੀ ਸਗਾਈ ਸਕਾ +ਆਈ ਸਕਿਆਂ ਸੱਚਿਆਂ ਧੁਰਦਿਅ ਸਰਬੰਧੀਆਂ ਦੇ ਘਰ ਆਨ ਪ੍ਰਾਪਤ ਹੋਣ ਵਾਲੀ ਕੁੜਮਾਈ ਦੀ ਅਵਸਥਾ ਹੈ। ਜਿਸ ਸਤਸੰਗ ਵਿਖੇ ਏਹ ਸੁਣ ਸੁਣਕੇ, ਸ੍ਰਵਨ ਕੰਨਾਂ ਦ੍ਵਾਰਾ ਓਸ ਸੱਚੇ ਮਾਲਕ ਦੇ ਘਰ ਦੇ ਸਨੇਹੇ ਸਨੇਹ ਪਿਆਰ ਉਤਪੰਨ ਕਰਨ ਵਾਲੇ ਪਰਮਾਰਥੀ ਉਪਦੇਸ਼ ਸਿਮਰਤ ਚਿਤਾਰਦਾ ਹੋਯਾ ਸਿੱਕਦਾ ਹੈ ਹਰਦਮ ਓਸ ਪਿਆਰੇ ਪ੍ਰੀਤਮ ਨੂੰ ਆਪਣੇ ਅੰਦਰ ਇਹ ਜਿਗਯਾਸਾ ਅਵਸਥਾ ਹੈ।

ਬਿਧਿ ਸੈ ਬਿਵਾਹੇ ਮਿਲਿ ਦ੍ਰਿਸਟਿ ਦਰਸ ਲਿਵ ਬਿਦਿਮਾਨ ਧਿਆਨ ਰਸ ਰੂਪ ਰੰਗ ਭੇਸ ਕੈ ।

ਅਰੁ ਫੇਰ ਜਦ ਬਿਧਿ ਸੇ ਮ੍ਰਯਾਦਾ ਪੂਰਬਕ, ਬਿਵਾਹੇ ਮਿਲਿ ਵਿਆਹਿਆ ਜਾਂਦਾ ਹੈ ਅਰਥਾਤ ਜਦ ਗੁਰੂ ਅਰ ਸਿੱਖ ਬਿਬ+ਆਏ ਮਿਲਿ ਦੋਵੇਂ ਹੀ ਆਣ ਮਿਲਦੇ ਹਨ, ਭਾਵ ਅੰਮ੍ਰਿਤ ਛਕਣ ਆਦਿ ਮ੍ਰਯਾਦਾ ਅਨੁਸਾਰ ਜਦ ਉਕਤ ਸਤਸੰਗੀ ਸਾਖ੍ਯਾਤ ਸਿੱਖ ਸਜ ਕੇ ਗੁਰਸਿੱਖ ਵਾਲੀ ਏਕਤਾ ਗੁਰਸਿੱਖ ਸੰਧੀ ਵਾਲੀ ਦਸ਼ਾ ਦੇ ਘਰ ਆਣ ਵਹਿੰਦਾ ਵਰਤਦਾ ਹੈ, ਤਾਂ ਉਸ ਦੀ ਨਿਗ੍ਹਾ ਵਿਚ ਦਰਸ਼ਨ ਦੀ ਲਿਵ ਤਾਰ ਬੱਝ ਪਿਆ ਕਰਦੀ ਹੈ, ਅਰਥਾਤ ਓਸ ਦੇ ਨੇਤ੍ਰ ਦਰਸ਼ਨ ਨੂੰ ਲੋਚਨ ਲਗ ਪਿਆ ਕਰਦੇ ਹਨ। ਅਤੇ ਇਸੇ ਹੀ ਧਿਆਨ ਦੇ ਰਸ ਪਿਆਰ ਕੈ ਕਰ ਕੇ ਓਹੋ ਜੈਸੇ ਹੀ ਰੂਪ ਰੰਗ ਵਾਲੇ ਭੇਸ ਸਾਂਗ ਨੂੰ ਬਿਦ੍ਯਮਾਨ ਸਾਮਰਤੱਖ ਢਾਲ ਲਿਆ ਕਰਦਾ ਹੈ ਜਿਸ ਭਾਂਤ ਸਿੱਕਵੰਦ ਗੁਰਮੁਖਾਂ ਗੁਰ ਸਿੱਖਾਂ ਦਾ ਖਾਣ ਪਾਣ ਪਹਿਰਾਣ ਆਦਿ ਦਾ ਭੇਸ ਚਾਲਾ ਗੁਰਸਿੱਖੀ ਸਤਿਸੰਗ ਵਿਚ ਢਾਲਿਆ ਦੇਖਦਾ ਹੈ। ਭਾਵ ਗੁਰਸਿੱਖਾਂ ਵਾਲੇ ਸਾਂਗ ਵਿਚ ਹੋ ਵਰਤਦਾ ਹੈ।

ਰੈਨ ਸੈਨ ਸਮੈ ਸ੍ਰੁਤ ਸਬਦ ਬਿਬੇਕ ਟੇਕ ਆਤਮ ਗਿਆਨ ਪਰਮਾਤਮ ਪ੍ਰਵੇਸ ਕੈ ।

ਐਹੋ ਜੇਹੀ ਧਾਰਣਾ ਵਾਲਾ ਉਹ ਦਰਸ਼ਨ ਦਾ ਪਿਆਸਾ ਸਿੱਖ ਰੈਨ ਆਯੂ ਭਰ ਹੀ ਸੈਨ ਸਮੈ ਟਿਕਾਉ ਦੇ ਟੀਚੇ ਸਿਰ ਵਾ ਰਾਤ ਨੂੰ ਜਦ ਕਿ ਲੋਕਾਂ ਦੇ ਸੌਣ ਦਾ ਸਮਾਂ ਹੁੰਦਾ ਹੈ, ਸ਼ਬਦ ਵਿਖੇ ਸੁਰਤ ਦੇ ਟੇਕ ਟਿਕਾਣ ਦੇ ਬਿਬੇਕ ਗਿਆਨ ਸੰਪੰਨ ਹੋਯਾ ਹੋਯਾ ਆਤਮ ਗਿਆਨ ਨੂੰ ਪ੍ਰਾਪਤ ਹੋਕ ਪਰਮਾਤਮ ਪਦ ਵਿਖੇ ਪ੍ਰਵੇਸ ਕੈ ਸਮਾਈ ਕਰਦਾ ਹੈ, ਅਰਥਾਤ ਲਿਵ ਲੀਣ ਹੋਣ ਦਾ ਅਭ੍ਯਾਸ ਸਾਧਦਾ ਰਹਿੰਦਾ ਹੈ।

ਗਿਆਨ ਧਿਆਨ ਸਿਮਰਨ ਉਲੰਘ ਇਕਤ੍ਰ ਹੋਇ ਪ੍ਰੇਮ ਰਸ ਬਸਿ ਹੋਤ ਬਿਸਮ ਅਵੇਸ ਕੈ ।੨੧੧।

ਇਸ ਪ੍ਰਕਾਰ ਨਾਮ ਸਿਮਰਣ ਕਰਦਿਆਂ, ਬੱਝਾ ਹੁੰਦਾ ਹੈ ਜੋ ਨਾਮੀ ਦਾ ਧਿਆਨ ਤੇ ਓਸ ਧਿਆਨ ਤੋਂ ਫਿਰ ਜੋ ਉਪਜਦਾ ਹੈ ਓਸ ਦੇ ਸਰੂਪ ਦਾ ਗਿਆਨ ਇਨਾਂ ਸਭਨਾਂ ਪ੍ਰਪਾਟੀਆਂ ਨੂੰ ਹੀ ਓੜਕ ਸਿਰ ਟੱਪ ਕੇ, ਉਹ ਵਾਹਿਗੁਰੂ ਨਾਲ ਅਭੇਦ ਹੋ ਜਾਂਦਾ ਹੈ ਤੇ ਇਉਂ ਅਭੇਦਤਾਈ ਦੇ ਪ੍ਰੇਮ ਰਸ ਦੇ ਵੱਸ ਹੋਯਾਂ ਗੁਰਸਿੱਖ ਬਿਸਮ ਅਸਚਰਜ ਰੂਪ ਪਰਮ ਪਦ ਵਿਖੇ ਸਦਾ ਹੀ ਅਵੇਸ ਕੈ ਲਿਵਲੀਨ ਹੋਯਾ ਰਿਹੰਦਾ ਹੈ ॥੨੧੧॥


Flag Counter