ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 297


ਸਾਧ ਕੀ ਸੁਜਨਤਾਈ ਪਾਹਨ ਕੀ ਰੇਖ ਪ੍ਰੀਤਿ ਬੈਰ ਜਲ ਰੇਖ ਹੁਇ ਬਿਸੇਖ ਸਾਧ ਸੰਗ ਮੈ ।

ਸਾਧ ਭਲੇ ਪੁਰਖ = ਗੁਰਮੁਖ ਦੀ ਸੁਜਨਤਾਈ ਮਿਤ੍ਰਾਈ ਭਲਿਆਈ ਐਸੀ ਹੁੰਦੀ ਹੈ ਕਿ ਓਸ ਦੀ ਪ੍ਰੀਤੀ ਤਾਂ ਪੱਥਰ ਉਤੇ ਲੀਕ ਹੁੰਦੀ ਹੈ ਅਤੇ ਵੈਰ ਇਉਂ ਦਾ ਜੀਕੂੰ ਜਲ ਦੇ ਉਪਰ ਲੀਕ ਹੋਵੇ ਸੋ ਇਹੋ ਹੀ ਬਿਸੇਖ ਵਾਲਾ ਸਾਧ ਸੰਗਤ ਵਿਚ ਹੈ। ਭਾਵ ਗੁਰਮੁਖ ਜਿਸ ਨੂੰ ਅਪਣਾ ਲੈਣ ਫੇਰ ਪੱਥਰ ਦੀ ਅਮਿਟ ਲੀਕ ਵਤ ਓਸ ਦਾ ਕਦੀ ਤਿਆਗ ਨਹੀਂ ਕਰ ਸਕਦੇ। ਅਤੇ ਜੇ ਕਿਸੇ ਵਿਹਾਰੀ ਮਾਮਲੇ ਵਿਖੇ ਕੋਈ ਗੱਲ ਵੈਰ ਵਾਲੀ ਪ੍ਰਗਟ ਹੋ ਆਵੇ ਤਾਂ ਪਾਣੀ ਦੀ ਲੀਕ ਦੀ ਤਰਾਂ ਝੱਟ ਹੀ ਓਹ ਖਿਆਲ ਓਨਾਂ ਦੇ ਅੰਦਰੋਂ ਦੂਰ ਹੋ ਜਾਂਦਾ ਹੈ ਝੱਟ ਮਾਫ ਕਰ ਦਿੰਦੇ ਹਨ।

ਦੁਰਜਨਤਾ ਅਸਾਧ ਪ੍ਰੀਤਿ ਜਲ ਰੇਖ ਅਰੁ ਬੈਰੁ ਤਉ ਪਾਖਾਨ ਰੇਖ ਸੇਖ ਅੰਗ ਅੰਗ ਮੈ ।

ਅਸਾਧ ਭੈੜੇ = ਮਨਮੁਖ ਦੀ ਦੁਰਜਨਤਾ ਬੁਰਿਆਈ ਦੁਸ਼ਟਤਾ ਇਸ ਭਾਂਤ ਦੀ ਹੁੰਦੀ ਹੈ, ਕਿ ਓਸ ਦੀ ਪ੍ਰੀਤੀ ਪਾਣੀ ਦੀ ਲੀਕ ਵਤ ਨਾ ਬਿਰਬਾਹ ਕਰਣ ਹਾਰੀ ਭਰੋਸੇ ਲੈਕ ਨਹੀਂ ਹੁੰਦੀ ਹੈ, ਅਤੇ ਵੈਰ ਤਾਂ ਓਸ ਦਾ ਪੱਥਰ ਦੀ ਲੀਕ ਵਰਗਾ ਅਮਿਟ ਅੰਗ ਅੰਗ ਰੋਮ ਰੋਮ ਵਿਚ ਧਸਿਆ ਹੁੰਦਾ ਹੈ, ਮਾਨੋ ਓਸ ਦੀ ਸੇਖ ਹੱਦ ਹੋ ਚੁਕਦੀ ਹੈ ਭਾਵ ਸਮਾਂ ਟਲ ਗਏ ਉਪ੍ਰੰਤ ਭੀ ਉਹ ਓਸ ਦੇ ਅੰਦਰ ਸਦਾ ਬਾਕੀ ਬਚਿਆ ਟਿਕਿਆ ਰਹਿੰਦਾ ਹੈ।

ਕਾਸਟ ਅਗਨਿ ਗਤਿ ਪ੍ਰੀਤਿ ਬਿਪਰੀਤਿ ਸੁਰਸਰੀ ਜਲ ਬਾਰੁਨੀ ਸਰੂਪ ਜਲ ਗੰਗ ਮੈ ।

ਕਾਠ ਤੇ ਅਗਨੀ ਦੀ ਪ੍ਰਤ ਅਰੁ ਬਿਪ੍ਰੀਤ = ਵੈਰ ਭਾਵ ਵਾਕੂੰ ਸਹੀ ਸਮਝੋ ਕਿ ਕਾਠ ਤਾਂ ਸਦੈਵ ਕਾਲ ਅਗਨੀ ਨੂੰ ਅਪਣੇ ਵਿਚ ਛਪਾ ਕੇ ਸੰਭਾਲੀ ਰਖਿਆ ਕਰਦਾ ਹੈ ਭਾਵ ਕਾਠ ਸਦਾ ਉਪਕਾਰ ਕਰਦਾ ਹੈ, ਪ੍ਰੰਤੂ ਅਗਨੀ ਨਾਲ ਥੋੜਾ ਸਬੰਧ ਕਾਠ ਦਾ ਹੋਇਆ ਨਹੀਂ ਕਿ ਦਗਧ ਕਰ ਕੇ ਸੁਆਹ ਬਣਾ ਦਿੰਦੀ ਹੈ। ਸਾਧ ਸਦਾ ਉਪਕਾਰ ਕਰਦਾ ਤੇ ਅਸਾਧ ਉਪਕਾਰ ਨੂੰ ਵਿਸਾਰ ਕੇ ਉਲਟਾ ਅਪਕਾਰ ਕਰਿਆ ਕਰਦਾ ਹੈ ਅਥਵਾ ਐਸੇ ਜਾਨੋ, ਕਿ ਜੇ ਬਾਰੁਨੀ ਸ਼ਰਾਬ ਸੁਰਸਰੀ ਜਲ ਗੰਗਾ ਦੇ ਪ੍ਰਵਾਹ ਨਾਲ ਸਬੰਧ ਪਾ ਲਵੇ ਤਾਂ ਉਹ ਉਸ ਨੂੰ ਅਪਣੇ ਵਿਚ ਅਭੇਦ ਕਰ ਲੈਂਦਾ ਹੈ, ਪ੍ਰੰਤੂ ਜੇਕਰ ਸ਼ਰਾਬ ਵਿਚ ਗੰਗਾ ਜਲ ਆਣ ਮਿਲੇ ਇਹ ਤਾਂ ਓਸ ਨੂੰ ਬਾਰੁਨੀ ਸਰੂਪ ਅਪਣਾ ਨਿਜ ਰੂਪ ਹੀ ਬਣਾ ਮਾਰਦੀ ਹੈ।

ਦੁਰਮਤਿ ਗੁਰਮਤਿ ਅਜਯਾ ਸਰਪ ਗਤਿ ਉਪਕਾਰੀ ਅਉ ਬਿਕਾਰੀ ਢੰਗ ਹੀ ਕੁਢੰਗ ਮੈ ।੨੯੭।

ਦੁਰਮਤਿ ਕਾਰਣ ਅਸਾਧ ਤਾਂ ਸੱਪ ਨ੍ਯਾਈਂ ਭੈੜੇ ਚਾਲੇ ਕ੍ਰੂਰ ਸੁਭਾਵ ਵਿਚ ਹੀ ਵਿਗਾੜ ਕਰਨ ਵਾਲਾ ਹੋਇਆ ਵਰਤਦਾ ਹੈ ਅਤੇ ਸਾਧੂ ਪੁਰਖ ਗੁਰਮਤਿ ਕਾਰਣ ਬਕਰੀ ਨ੍ਯਾਈਂ ਉਪਕਾਰੀ ਢੰਗ ਵਿਖੇ ਸਦੀਵ ਕਾਲ ਵਰਤਦਾ ਰਹਿੰਦਾ ਹੈ ॥੨੯੭॥


Flag Counter