ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 413


ਜੈਸੇ ਏਕ ਚੀਟੀ ਪਾਛੈ ਕੋਟ ਚੀਟੀ ਚਲੀ ਜਾਤਿ ਇਕ ਟਕ ਪਗ ਡਗ ਮਗਿ ਸਾਵਧਾਨ ਹੈ ।

ਜਿਸ ਭਾਂਤ ਇਕ ਕੀੜੀ ਤੇ ਪਿਛੇ ਪਿਛੇ ਕ੍ਰੋੜਾਂ ਹੀ ਕੀੜੀਆਂ ਤੁਰੀਆਂ ਜਾਯਾ ਕਰਦੀਆਂ ਹਨ ਤੇ ਇਕ ਟਕ ਇਕ ਸਾਰ ਇਕ ਪੈਰ ਡੋਲਨੋਂ ਓਨਾਂ ਦੇ ਸਾਵਧਾਨ ਰਹਿੰਦੇ ਹਨ।

ਜੈਸੇ ਕੂੰਜ ਪਾਤਿ ਭਲੀ ਭਾਂਤਿ ਸਾਂਤਿ ਸਹਜ ਮੈ ਉਡਤ ਆਕਾਸਚਾਰੀ ਆਗੈ ਅਗਵਾਨ ਹੈ ।

ਜਿਸ ਪ੍ਰਕਾਰ ਕੂੰਜਾਂ ਦੀ ਡਾਰ ਸਹਜ ਸਹਜ ਹੌਲੀ ਹੌਲੀ ਸ਼ਾਂਤੀ ਪੂਰਬਕ ਭਲੀ ਪ੍ਰਕਾਰ ਸੁੰਦ੍ਰ ਢੰਗ ਨਾਲ ਐਨ ਆਪਣੀ ਕਿਤਾਰ ਬਦੀ ਅੰਦਰ ਰਹਿੰਦੀ ਹੌਈ ਆਕਾਸ਼ ਚਾਰੀ ਆਕਾਸ਼ ਮਾਰਗ ਵਿਖੇ ਉਡੀ ਜਾਯਾ ਕਰਦੀ ਹੈ ਤੇ ਅਗੇ ਉਸ ਦਾ ਅਗਵਾਨ ਅਗਵਾਨੀ ਕਰਣਹਾਰਾ ਹੁੰਦਾ ਹੈ।

ਜੈਸੇ ਮ੍ਰਿਗਮਾਲ ਚਾਲ ਚਲਤ ਟਲਤ ਨਾਹਿ ਜਤ੍ਰ ਤਤ੍ਰ ਅਗ੍ਰਭਾਗੀ ਰਮਤ ਤਤ ਧਿਆਨ ਹੈ ।

ਜਿਸ ਭਾਂਤ ਮਿਰਗਾਂ ਦੀ ਡਾਰ ਚਾਲ ਆਪਣੀਆਂ ਚੌਕੜੀਆਂ ਭਰੀਂਦੀ ਚਲੀ ਦੀ ਹੀ ਚਲੀ ਜਾਦੀ ਹੈ ਤੇ ਬੰਦ ਨਹੀਂ ਅਰ ਜਤ੍ਰ ਜਿਧਰ ਨੂੰ ਅਗ੍ਰਭਾਗੀ ਰਮਤ ਓਸ ਡਾਰ ਦਾ ਆਗੂਆ ਜੱਥੇਦਾਰ ਰਮਦਾ ਚੌਕੜੀ ਭਰਦਾ ਚਲਦਾ ਹੈ ਤਤ੍ਰ ਤਿਸੇ ਹੀ ਪਾਸੇ ਨੂੰ ਤਤ ਤਿਸ ਸਾਰੀ ਡਾਰ ਦਾ ਧ੍ਯਾਨ ਰਹਿੰਦਾ ਹੈ; ਭਾਵ ਸਾਰੀ ਡਾਰ ਦੀ ਡਾਰ ਹੀ ਜੀਕੂੰ ਆਪਣੇ ਅਗੂਏ ਦੀ ਅਨੁਸਾਰਿਤਾ ਵਿਚ ਚਲਦੀ ਹੈ।

ਕੀਟੀ ਖਗ ਮ੍ਰਿਗ ਸਨਮੁਖ ਪਾਛੈ ਲਾਗੇ ਜਾਹਿ ਪ੍ਰਾਨੀ ਗੁਰ ਪੰਥ ਛਾਡ ਚਲਤ ਅਗਿਆਨ ਹੈ ।੪੧੩।

ਤਿਸੀ ਪ੍ਰਕਾਰ ਸਤਿਗੁਰੂ ਦੇ ਘਰ ਭੀ ਅਗੂਏ ਦੀ ਅਗਵਾਨੀ ਵਿਚ ਚਲਣ ਦੀ ਮ੍ਰਯਾਦਾ ਹੈ ਸੋ ਜਦ ਕੀੜੀ ਆਦਿ ਜੀਵ ਜੰਤੂ ਕੂੰਜ ਆਦਿ ਪੰਖੀ ਤਥਾ ਹਿਰਣ ਆਦਿ ਪਸ਼ੂਆਂ ਵਰਗੇ ਜਿਸ ਨੂੰ ਅਪਣੇ ਸਨਮੁਖ ਰਹਿਣ ਹਾਰਾ ਅਗੂਆ ਥਾਪ ਲੈਂਦੇ ਹਨ ਤਾਂ ਫੇਰ ਓਸ ਦੇ ਸਦਾ ਪਿੱਛੇ ਹੀ ਲਗੇ ਜਾਯਾ ਕਰਦੇ ਹਨ; ਪਰ ਉਹ ਪ੍ਰਾਨੀ ਮਨੁੱਖ ਜੋ ਗੁਰੂ ਦੇ ਪੰਥ ਨੂੰ ਆਪਣਾ ਕਲ੍ਯਾਣ ਦਾਤਾ ਹੋਣ ਤੇ ਭੀ ਛੱਡ ਤੁਰਦੇ ਇਸ ਤੋਂ ਬੇਮੁਖਤਾ ਧਾਰਦੇ ਹਨ; ਏਹੋ ਹੀ ਮਹਾਨ ਅਗ੍ਯਾਨ = ਬੇਸਮਝੀ ਹੈ ॥੪੧੩॥