ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 237


ਬਰਖਾ ਚਤੁਰਮਾਸ ਭਿਦੋ ਨ ਪਖਾਨ ਸਿਲਾ ਨਿਪਜੈ ਨ ਧਾਨ ਪਾਨ ਅਨਿਕ ਉਪਾਵ ਕੈ ।

ਚੁਤਰ ਮਾਸੇ ਦੀ ਮੋਹਲੇ ਧਾਰ ਬਰਖਾ ਹੋਣ ਨਾਲ ਭੀ ਜਿਸ ਪ੍ਰਕਾਰ ਪਖਾਨ ਸਿਲਾ ਪਥਰ ਦੀ ਚਿਟਾਨ ਕਿਸੇ ਪ੍ਰਕਾਰ ਨਹੀਂ ਭਿਜਿਆ ਕਰਦੀ ਵਾ ਭੇਦਨ ਹੋਇਆ ਕਰਦੀ, ਅਰੁ ਇਸ ਤੋਂ ਛੁੱਟ ਹੋਰ ਭੀ ਧਰਤੀ ਨੂੰ ਵੌਹਨ ਸੁਹਾਗਨ ਆਦਿ ਅਨੇਕਾਂ ਉਪਾਵ ਕੀਤਿਆਂ ਓਸ ਵਿਚੋਂ ਧਾਨ ਪਾਨ ਅੰਨ ਦਾ ਪੱਤਾ ਮਾਤ੍ਰ ਵਾ ਜੀਵਾਂ ਦੇ ਨਿਰਬਾਹ ਖਾਤ੍ਰ ਅੰਨ ਪਾਣੀ ਅਥਵਾ ਅੰਨ ਆਦਿ ਦੀ ਖੇਤੀ, ਵਾ ਪਾਨਾਂ ਦੀ ਵਾੜੀ ਨਹੀਂ ਉਪਜਿਆ ਕਰਦੀ।

ਉਦਿਤ ਬਸੰਤ ਪਰਫੁਲਿਤ ਬਨਾਸਪਤੀ ਮਉਲੈ ਨ ਕਰੀਰੁ ਆਦਿ ਬੰਸ ਕੇ ਸੁਭਾਵ ਕੈ ।

ਬਸੰਤ ਰੁੱਤ ਦੇ ਉਦੇ ਪ੍ਰਗਟ ਹੋਯਾਂ ਸਭ ਹੀ ਬਨਾਸਪਤੀ ਹਰ੍ਯੌਲ ਖਿੜ ਮਉਲ ਆਯਾ ਕਰਦੀ ਹੈ ਪਰ ਆਦਿ ਧੁਰੋਂ ਬੰਸ ਦੇ ਸੁਭਾਵ ਕਾਰਣ ਕਰੀਰ ਦਾ ਬੂਟਾ ਨਹੀਂ ਮਉਲਿਆ ਖਿੜਿਆ ਕਰਦਾ।

ਸਿਹਜਾ ਸੰਜੋਗ ਭੋਗ ਨਿਹਫਲ ਬਾਝ ਬਧੂ ਹੁਇ ਨ ਆਧਾਨ ਦੁਖੋ ਦੁਬਿਧਾ ਦੁਰਾਵ ਕੈ ।

ਸਿਹਜਾ ਸਮੇਂ ਪਤੀ ਦੀ ਸੰਜੋਗ ਮੇਲ ਪਾ ਕੇ ਓਸ ਨੂੰ ਬੰਧ੍ਯ ਇਸਤ੍ਰੀ ਭੋਗਦੀ ਮਾਣਦੀ ਭੀ ਹੈ, ਪ੍ਰੰਤੂ ਓਸ ਦੇ ਅਧਾਨ ਪੇਟ ਦਾ ਉਮੇਦਵਾਰੀ ਵਿਚ ਫੁਲਨਾ ਨਹੀਂ ਹੀ ਹੋਯਾ ਕਰਦਾ, ਜਿਸ ਕਰ ਕੇ ਉਹ ਅਪਣੇ ਦੁਖ ਅਰੁ ਦੁਬਿਧਾ ਦੁਚਿਤਾਈ ਨੂੰ ਦੁਰਾਯਾ ਛਪਾਯਾ ਕਰਦੀ ਹੈ।

ਤੈਸੇ ਮਮ ਕਾਗ ਸਾਧਸੰਗਤਿ ਮਰਾਲ ਸਭਾ ਰਹਿਓ ਨਿਰਾਹਾਰ ਮੁਕਤਾਹਲ ਅਪਿਆਵ ਕੈ ।੨੩੭।

ਤਿਸੀ ਪ੍ਰਕਾਰ ਮੈਂ ਕਾਮਨਾ ਕਲਪਨਾ ਦਾ ਮਾਰਿਆਵਾ ਕੂੜ ਰੂਪ ਗੰਦ ਕੂੜੇ ਨਾਲ ਪਿਆਰ ਕਰਣਹਾਰਾ ਕਾਂ ਮਰਾਲ ਸਭਾ ਹੰਸਾਂ ਬਿਬੇਕੀਅ ਦੀ ਸਭਾ ਸਾਧ ਸੰਗਤਿ ਅੰਦਰ ਬੈਠਕੇ ਭੀ ਨਿਰਾਹਾਰ ਭੁੱਖਾ ਹੀ ਰਿਹਾ ਮੁਕਤਾਹਲ ਮੋਤੀਆਂ ਦੇ ਮੇਰੇ ਲਈ ਅਪਿਆਵ ਅਪੇਯ ਪੀਨੋਂ ਛਕਨੋਂ ਅਜੋਗ ਹੋਣ ਕਰ ਕੇ। ਭਾਵ ਕਾਂ ਲਈ ਤਾਂਮਲ ਅਹਾਰ ਹੀਧੁਰ ਦਾ ਹੈ ਤੇ ਮੋਤੀਆਂ ਦਾ ਅਧਿਕਾਰ ਓਸ ਲਈ ਨਾ ਹੋਣ ਕਰ ਕੇ ਮਾਨੋਂ ਨਿਖਿੱਧ ਹੈ, ਜਿਸ ਵਾਸਤੇ ਉਹ ਭੁਖਾ ਰਿਹਾ! ਬਿਬੇਕੀਆਂ ਵਾਲੇ ਗੁਣ ਅਰੁ ਲਾਭ ਸਤਿਸੰਗ ਵਿਚੋਂ ਨਾ ਪ੍ਰਾਪਤ ਕਰ ਸਕਿਆ ॥੨੩੭॥