ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 95


ਪਵਨ ਗਵਨ ਜੈਸੇ ਗੁਡੀਆ ਉਡਤ ਰਹੈ ਪਵਨ ਰਹਤ ਗੁਡੀ ਉਡਿ ਨ ਸਕਤ ਹੈ ।

ਪਵਨ ਗਵਨ ਪੌਣ ਦੇ ਚਲਣ ਕਰ ਕੇ ਅਥਵਾ ਪੌਣ ਦੀ ਪ੍ਰੇਰਿਤ ਹੋਈ ਹੋਈ, ਗਵਨ ਅਕਾਸ਼ ਵਿਖੇ, ਜਿਸ ਪ੍ਰਕਾਰ ਗੁੱਡੀ ਉੱਡਦੀ ਰਿਹਾ ਕਰਦੀ ਹੈ, ਪ੍ਰੰਤੂ ਪੌਣ ਜੇ ਬੰਦ ਹੋ ਜਾਵੇ ਤਾਂ ਗੁੱਡੀ ਨਹੀਂ ਉੱਡ ਸਕਿਆ ਕਰਦੀ।

ਡੋਰੀ ਕੀ ਮਰੋਰਿ ਜੈਸੇ ਲਟੂਆ ਫਿਰਤ ਰਹੈ ਤਾਉ ਹਾਉ ਮਿਟੈ ਗਿਰਿ ਪਰੈ ਹੁਇ ਥਕਤ ਹੈ ।

ਜਿਸ ਤਰ੍ਹਾਂ ਡੋਰੀ ਦੀ ਮਰੋੜ ਲਪੇਟ ਮੂਜਬ ਲਾਟੂ ਫਿਰਦਾ ਘੁੰਮਦਾ ਰਹਿੰਦਾ ਚਕਰੀ ਬੰਨੀ ਰਖਦਾ ਹੈ ਪਰ ਜੇ ਤਉ ਰਤਾ ਭਰ ਹਾਉ ਹਿਲੋਰ ਉਸ ਦਾ ਘੁਮਾਉ ਮਿਟੈ ਮੱਠਾ ਪਿਆ ਅਥਵਾ ਤਾਉ ਜੋਸ਼ ਦਾ ਹਾਉ ਹੌਲਾ ਪਿਆ ਤਾਂ ਓਹ ਥਕਿਤ ਹੋਇ ਹੁੱਟ ਕੇ ਗਿਰ ਪਰੈ ਡਿੱਗ ਪਿਆ ਕਰਦਾ ਹੈ।

ਕੰਚਨ ਅਸੁਧ ਜਿਉ ਕੁਠਾਰੀ ਠਹਰਾਤ ਨਹੀ ਸੁਧ ਭਏ ਨਿਹਚਲ ਛਬਿ ਕੈ ਛਕਤ ਹੈ ।

ਜਿਸ ਤਰ੍ਹਾਂ ਅਸੁੱਧ ਕੰਚਨ ਖੋਟ ਵਾਲਾ ਸੋਨਾ ਅੱਗ ਉਪਰ ਚਾੜ੍ਹਿਆਂ ਕੁਠਾਲੀ ਵਿਚ ਠਹਿਰਿਆ ਨਹੀਂ ਕਰਦਾ ਖੂਬ ਚਕਰੀ ਲਾਇਆ ਕਰਦਾ ਹੈ, ਪ੍ਰੰਤੂ ਜਿਸ ਵੇਲੇ ਖੋਟ ਦੇ ਸੜ ਜਾਣ ਕਰ ਕੇ ਸ਼ੁੱਧ ਖਰਾ ਬਣਾ ਜਾਂਦਾ ਹੈ ਤਾਂ ਨਿਹਚਲ ਅਡੋਲ ਹੋ ਕੇ ਛਬਿ ਕੈ ਸੋਭਾ ਦਮਕ ਨਾਲ ਛਕਤ ਹੈ ਦਮਕਨ ਲਗ ਪੈਂਦਾ ਸੋਭਾਯਮਾਨ ਹੋ ਔਂਦਾ ਹੈ।

ਦੁਰਮਤਿ ਦੁਬਿਧਾ ਭ੍ਰਮਤ ਚਤੁਰ ਕੁੰਟ ਗੁਰਮਤਿ ਏਕ ਟੇਕ ਮੋਨਿ ਨ ਬਕਤ ਹੈ ।੯੫।

ਇਸੀ ਤਰਾਂ ਦੁਬਿਧਾ ਦੁਚਿਤਾਈਆਂ ਸੰਸ੍ਯਾਂ ਨਾਲ ਦੁਸ਼੍ਟ ਹੋਈ ਹੋਈ ਜੋ ਦੁਰਮਤਿ ਰੂਪ ਖੋਟੀ ਬੁਧੀ ਮਲੀਨ ਮਤਿ ਅਨੇਕ ਪ੍ਰਕਾਰ ਦਿਆਂ ਮਨੋਰਥਾਂ ਯਾ ਆਸਾ ਤ੍ਰਿਸ਼ਨਾ ਦੀ ਭਟਕਾਈ ਹੋਈ ਚਾਰ ਕੁੰਟ ਪੂਰਬ ਪੱਛਮ ਉੱਤਰ ਦੱਖਣ ਸਬੰਧੀ ਪਦਾਰਥਾਂ ਦੇ ਮਨਸੂਬਿਆਂ ਵਿਚ ਭ੍ਰਮਤ ਹੈ ਭਟਕਦੀ ਰਹਿੰਦੀ ਹੈ, ਪ੍ਰੰਤੂ ਜਦ ਇਸ ਨੂੰ ਇਕ ਮਾਤ੍ਰ ਗੁਰਮਤਿ ਦੀ ਟੇਕ ਓਟ ਪ੍ਰਾਪਤ ਹੋ ਜਾਂਦੀ ਹੈ ਤਾਂ ਮੋਨ ਚੁੱਪ ਸਾਧ ਕੇ ਸ਼ਾਂਤੀ ਨੂੰ ਪ੍ਰਾਪਤ ਹੋ ਕੇ ਨ ਬਕਤ ਹੈ ਬੋਲਦੀ ਚਲਦੀ ਨਹੀਂ ਭਾਵ ਸਭ ਪ੍ਰਕਾਰ ਦੀਆਂ ਕਾਮਨਾ ਕਲਪਨਾ ਤ੍ਯਾਗ ਦਿੰਦੀ ਹੈ ॥੯੫॥


Flag Counter