ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 464


ਜਉ ਕੋਊ ਮਵਾਸ ਸਾਧਿ ਭੂਮੀਆ ਮਿਲਾਵੈ ਆਨਿ ਤਾ ਪਰਿ ਪ੍ਰਸੰਨ ਹੋਤ ਨਿਰਖ ਨਰਿੰਦ ਜੀ ।

ਜੇਕਰ ਕੋਈ ਮਵਾਸ ਆਕੀ ਭੂਮੀਏ ਜਾਗੀਰਦਾਰ ਰਾਜੇ ਨੂੰ ਸਾਧਿ ਸੋਧ ਕੇ ਜਿੱਤ ਕੇ ਆਪਣੇ ਮਹਾਰਾਜੇ ਨੂੰ ਲਿਆ ਮਿਲਾਵੇ ਤਾਂ ਦੇਖ ਕੇ ਰਾਜਾ ਉਸ ਉਪਰ ਪ੍ਰਸੰਨ ਹੋਇਆ ਕਰਦਾ ਹੈ।

ਜਉ ਕੋਊ ਨ੍ਰਿਪਤਿ ਭ੍ਰਿਤਿ ਭਾਗਿ ਭੂਮੀਆ ਪੈ ਜਾਇ ਧਾਇ ਮਾਰੈ ਭੂਮੀਆ ਸਹਿਤਿ ਹੀ ਰਜਿੰਦ ਜੀ ।

ਜੇ ਕਰ ਕੇ ਕੋਈ ਰਾਜ ਸੇਵਕ ਭੂਮੀਏ ਆਕੀ ਜਾਗੀਰਦਾਰ ਪਾਸ ਨੱਠ ਕੇ ਚਲਿਆ ਜਾਵੇ ਤਾਂ ਮਹਾਰਾਜਾ ਧਾਈ ਕਰ ਕੇ ਭੂਮੀਏ ਸਮੇਤ ਹੀ ਉਸ ਨੂੰ ਫੜ ਮਾਰ੍ਯਾ ਕਰਦਾ ਹੈ।

ਆਨ ਕੋ ਸੇਵਕ ਰਾਜ ਦੁਆਰ ਜਾਇ ਸੋਭਾ ਪਾਵੈ ਸੇਵਕ ਨਰੇਸ ਆਨ ਦੁਆਰ ਜਾਤ ਨਿੰਦ ਜੀ ।

ਦੂਸਰੇ ਦਾ ਸੇਵਕ ਹੋ ਕੇ ਜੇ ਰਾਜ ਦੁਆਰੇ ਚਲ੍ਯਾ ਜਾਵੇ ਤਾਂ ਸੋਭਾ ਪੌਂਦਾ ਹੈ; ਪ੍ਰੰਤੂ ਰਾਜੇ ਦਾ ਸੇਵਕ ਹੋ ਕੇ ਜੇਕਰ ਹੋਰਸ ਦੁਆਰੇ ਜਾਏ ਤਾਂ ਓਸ ਲਈ ਨਿੰਦਾ ਦੀ ਥਾਂ ਹੁੰਦੀ ਹੈ ਅਰਥਾਤ ਭਲੀ ਗੱਲ ਨਹੀਂ।

ਤੈਸੇ ਗੁਰਸਿਖ ਆਨ ਅਨਤ ਸਰਨਿ ਗੁਰ ਆਨ ਨ ਸਮਰਥ ਗੁਰਸਿਖ ਪ੍ਰਤਿਬਿੰਦ ਜੀ ।੪੬੪।

ਤਿਸੀ ਪ੍ਰਕਾਰ ਗੁਰੂ ਕੇ ਸਿੱਖ ਆਨ ਲਿਔਂਦੇ ਹਨ ਅਨਤ ਹੋਰਨਾਂ ਨੂੰ ਹੋਰਸ ਦੇਵ ਉਪਾਸ਼ਕਾ ਨੂੰ ਸਤਿਗੁਰਾਂ ਦੀ ਸਰਣ ਤੇ ਸਤਿਗੁਰੂ ਹੁੰਦੇ ਹਨ ਓਨਾਂ ਉਪਰ ਪ੍ਰਸੰਨ ਪ੍ਰੰਤੂ ਆਨ ਨ ਸਮਰਥ ਹੋਰ ਕਿਸੇ ਦੀ ਪਾਯਾਂ ਨਹੀਂ ਜੋ ਗੁਰਸਿੱਖ ਤਾਈਂ ਪ੍ਰੇਰ ਕੇ ਭਰਮਾ ਲੈ ਜਾਵੇ ॥੪੬੪॥