ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 583


ਜੈਸੇ ਤਾਤ ਮਾਤ ਗ੍ਰਿਹ ਜਨਮਤ ਸੁਤ ਘਨੇ ਸਕਲ ਨ ਹੋਤ ਸਮਸਰ ਗੁਨ ਗਥ ਜੀ ।

ਜਿਵੇਂ ਮਾਂ ਬਾਪ ਦੇ ਘਰ ਅਨੇਕ ਪੁਤ੍ਰ ਜੰਮਦੇ ਹਨ, ਪਰ ਸਾਰੇ ਗੁਣਾਂ ਦੀ ਪੂੰਜੀ ਵਿਚ ਇਕੋ ਜਿਹੇ ਨਹੀਂ ਹੁੰਦੇ।

ਚਟੀਆ ਅਨੇਕ ਜੈਸੇ ਆਵੈਂ ਚਟਸਾਲ ਬਿਖੈ ਪੜਤ ਨ ਏਕਸੇ ਸਰਬ ਹਰ ਕਥ ਜੀ ।

ਜਿਵੇਂ ਪਾਠਸ਼ਾਲਾ ਵਿਚ ਅਨੇਕ ਵਿਦਿਆਰਥੀ ਆਉਂਦੇ ਹਨ, ਪਰ ਸਾਰੇ ਹਰੀ ਕਥਾ ਇਕੋ ਜਿਹੀ ਨਹੀਂ ਪੜ੍ਹਦੇ।

ਜੈਸੇ ਨਦੀ ਨਾਵ ਮਿਲਿ ਬੈਠਤ ਅਨੇਕ ਪੰਥੀ ਹੋਤ ਨ ਸਮਾਨ ਸਭੈ ਚਲਤ ਹੈਂ ਪਥ ਜੀ ।

ਜਿਵੇਂ ਨਦੀ ਤੋਂ ਪਾਰ ਹੋਣ ਲਈ ਬੇੜੀ ਉਪਰ ਅਨੇਕਾਂ ਰਾਹੀ ਮਿਲ ਬੈਠਦੇ ਹਨ, ਪਰ ਸਾਰੇ ਇਕੋ ਹੀ ਰਾਹ ਦੇ ਚੱਲਣ ਵਾਲੇ ਨਹੀਂ ਹੁੰਦੇ, ਕੋਈ ਕਿਸੇ ਪਾਸੇ ਚਲਾ ਜਾਦਾ ਹੈ, ਕੋਈ ਕਿਸੇ ਪਾਸੇ।

ਤੈਸੇ ਗੁਰ ਚਰਨ ਸਰਨ ਹੈਂ ਅਨੇਕ ਸਿਖ ਸਤਿਗੁਰ ਕਰਨ ਕਾਰਨ ਸਮਰਥ ਜੀ ।੫੮੩।

ਤਿਵੇਂ ਗੁਰੂ ਚਰਨਾਂ ਦੀ ਸ਼ਰਨ ਆਏ ਹੋਏ ਅਨੇਕ ਸਿਖ ਹਨ, ਸਮਰਥ ਸਤਿਗੁਰੂ ਸਾਰੇ ਕਾਰਨਾਂ ਦੇ ਕਰਨ ਵਾਲੇ ਹਨ ॥੫੮੩ ॥


Flag Counter