ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 305


ਸੁਪਨ ਚਰਿਤ੍ਰ ਚਿਤ੍ਰ ਜੋਈ ਦੇਖੈ ਸੋਈ ਜਾਨੈ ਦੂਸਰੋ ਨ ਦੇਖੈ ਪਾਵੈ ਕਹੌ ਕੈਸੇ ਜਾਨੀਐ ।

ਜਿਸ ਤਰ੍ਹਾਂ ਸੁਪਨੇ ਦੀ ਚੇਸ਼ਟਾ ਰੂਪ ਚਲਿਤ੍ਰ ਦੇ ਚਿਤ੍ਰ ਨਕਸ਼ੇ ਨੂੰ ਜਿਹੜਾ ਸੁਪਨਾਵੀ ਪੁਰਖ ਦੇਖਦਾ ਹੈ ਓਹੋ ਹੀ ਕੇਵਲ ਜਾਣਦਾ ਹੈ, ਦੂਸਰਾ ਕੋਈ ਨਹੀਂ ਦੇਖਣਾ ਪਾ ਸਕਦਾ ਇਸ ਤਰ੍ਹਾਂ ਹੁੰਦਿਆਂ ਨਾਮ ਜਪੰਤੇ ਦੇ ਅੰਦਰਲੇ ਰੱਬੀ ਚਮਤਕਾਰਾਂ ਨੂੰ ਕੇਵਲ ਉਹੀ ਹੀ ਆਪ ਜਾਣ ਸਕਦਾ ਹੈ।

ਨਾਲ ਬਿਖੈ ਬਾਤ ਕੀਏ ਸੁਨੀਅਤ ਕਾਨ ਦੀਏ ਬਕਤਾ ਅਉ ਸ੍ਰੋਤਾ ਬਿਨੁ ਕਾ ਪੈ ਉਨਮਾਨੀਐ ।

ਨਲਕੀ ਵਿਚ ਦੀ ਪ੍ਰਤੱਖ ਆਵਾਜ ਉੱਚਾਰ ਤਥਾ ਸੁਨਣ ਦੇ ਜੰਤ੍ਰ ਰੂਪ ਟੈਲੀਫੋਨ ਦ੍ਵਾਰਾ ਕੰਨ ਦਿੱਤਿਆਂ ਹੀ ਗੱਲ ਸੁਣੀ ਦੀ ਹੈ, ਬੋਲਣ ਵਾਲੇ ਅਤੇ ਸੁਣਨ ਹਾਰੇ ਬਿਨਾਂ, ਭਲਾ ਕਿਸ ਦੂਸਰੇ ਪਾਸੋਂ ਉਸ ਕਹੇ ਸੁਣੇ ਦਾ ਉਨਮਾਨ ਲਾਯਾ ਪਤਾ ਕਢਿਆ ਜਾ ਸਕੇ? ਇਸੇ ਭਾਂਤ ਸਤਿਗੁਰਾਂ ਦੇ ਉਪਦੇਸ਼ੇ ਸ਼ਬਦ ਦੇ ਮਰਮ ਨੂੰ ਸਤਿਗੁਰੂ ਤਥਾ ਸਿੱਖ ਬਿਨਾ, ਹੋਰ ਕਿਸੇ ਨੂੰ ਸਿੱਖ ਹੋਏ ਬਾਝੋਂ ਕਿਸ ਤਰ੍ਹਾਂ ਪਤ੍ਯਾਯਾ ਜਾ ਸਕੇ ਵਾ ਨਾਮ ਅਭ੍ਯਾਸ ਦ੍ਵਾਰੇ ਪ੍ਰਾਪਤ ਹੋਏ ਰੱਬੀ ਨਾਦ ਦਾ ਮਰਮ ਯਾ ਤਾਂ ਗੁਰੂ ਜਾਣਦੇ ਹਨ, ਯਾ ਇਕ ਮਾਤ੍ਰ ਉਨ੍ਹਾਂ ਦੇ ਸਿੱਖ ਇਹ ਅਭਿਪ੍ਰਾਯ ਹੈ।

ਪਘੁਲਾ ਕੇ ਮੂਲ ਬਿਖੈ ਜੈਸੇ ਜਲ ਪਾਨ ਕੀਜੈ ਲੀਜੀਐ ਜਤਨ ਕਰਿ ਪੀਏ ਮਨ ਮਾਨੀਐ ।

ਜਿਸ ਭਾਂਤ ਪੰਨੀ ਖੱਸ ਦੇ ਮੂਲ ਮੁੱਢ ਵਿਚੋਂ ਜਤਨ ਮਿਹਨਤ ਕਰ ਕੇ ਪਾਣੀ ਲਈਦਾ ਤੇ ਪੀਵੀਦਾ ਹੈ, ਪੀਂਦਿਆਂ ਸਾਰ ਹੀ ਮਨ ਪ੍ਰਸੰਨ ਹੋ ਜਾਂਦਾ ਸ਼ਾਂਤੀ ਨੂੰ ਪ੍ਰਾਪਤ ਹੋ ਜਾਯਾ ਕਰਦਾ ਹੈ। ਭਾਵ ਐਸੇ ਠੰਢੇ ਠਾਰ ਜਤਨ ਨਾਲ ਪ੍ਰਾਪਤ ਹੋਏ ਪਾਣੀ ਨੂੰ ਪੀਤਿਆਂ ਪ੍ਯਾਸੇ ਨੂੰ ਜੋ ਠੰਢ ਪੈਂਦੀ ਹੈ, ਉਹ ਪੀਣ ਵਾਲੇ ਬਿਨਾਂ ਜੀਕੂੰ ਨਹੀਂ ਜਾਣੀ ਜਾ ਸਕਦੀ, ਐਸਾ ਹੀ ਬ੍ਰਿਤਾਂਤ ਨਾਮ ਅਭ੍ਯਾਸੀ ਦੇ ਪ੍ਰੇਮ ਰਸ ਰੂਪ ਪ੍ਰਾਪਤੀ ਦਾ ਹੈ।

ਗੁਰ ਸਿਖ ਸੰਧਿ ਮਿਲੇ ਗੁਹਜ ਕਥਾ ਬਿਨੋਦ ਗਿਆਨ ਧਿਆਨ ਪ੍ਰੇਮ ਰਸ ਬਿਸਮ ਬਿਧਾਨੀਐ ।੩੦੫।

ਇਸੇ ਪ੍ਰਕਾਰ ਗੁਰੂ ਤੇ ਸਿੱਖ ਦੀ ਗੁਰ ਦੀਖ੍ਯਾ ਮੰਤ੍ਰ ਦ੍ਵਾਰੇ ਸੰਧੀ ਮਿਲਣ ਤੋਂ ਜੋ ਗਿਆਨ ਤਥਾ ਪ੍ਰੇਮ ਰਸ ਰੂਪ ਅਸਚਰਜ ਭਾਂਤ ਦਾ ਆਨੰਦ ਪ੍ਰਾਪਤ ਹੁੰਦਾ ਹੈ ਓਸ ਦੀ ਕਹਾਣੀ ਗੁਝੀ ਹੈ ਕਥਨ ਵਿਚ ਨਹੀਂ ਆ ਸਕਦੀ ਨ੍ਯਾਰੀ ਹੀ ਬਿਧ ਦਾ ਹੈ ਉਹ ॥੩੦੫॥


Flag Counter