ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 227


ਆਤਮਾ ਤ੍ਰਿਬਿਧੀ ਜਤ੍ਰ ਕਤ੍ਰ ਸੈ ਇਕਤ੍ਰ ਭਏ ਗੁਰਮਤਿ ਸਤਿ ਨਿਹਚਲ ਮਨ ਮਾਨੇ ਹੈ ।

ਆਤਮਾ ਮਨ ਤਿੰਨ ਪ੍ਰਕਾਰ ਕਰ ਕੇ, ਭਾਵ ਮਨਸਾ ਵਾਚਾ ਕਰਮਨਾ ਇਕ ਠੌਰ ਆ ਜਾਵੇ ਅਰਥਾਤ ਜੋ ਕੁਛ ਮਨ ਵਿਚ ਫੁਰ ਰਿਹਾ ਹੋਵੇ ਓਹੋ ਕੁਛ ਰਸਨਾ ਵਿਚੋਂ ਬਾਣੀ ਨਿਕਲੇ ਤੇ ਜਿਹੋ ਜਿਹਾ ਅੰਦਰੋਂ ਬਾਹਰੋਂ ਆਪ ਨੂੰ ਦੱਸ ਰਿਹਾ ਹੈ ਓਹੋ ਜਿਹੀ ਹੀ ਵਰਤਨ ਵਰਤੇ ਭਾਵ ਅੰਦਰੋਂ ਹੋਰ ਤੇ ਬਾਹਰੋਂ ਹੋਰ ਅਰੁ ਵਰਤਨ ਹੋਰਸ ਭਾਂਤ ਦੀ ਹੀ ਕਰਨ ਵਾਲਾ ਨਾ ਹੋਵੇ, ਤਾਂ ਜਾ ਕੇ ਗੁਰਮਤਿ ਗੁਰੂ ਦਾ ਉਪਦੇਸ਼ ਸਤ੍ਯ ਹੋ ਕੇ ਲਗਦਾ ਹੈ ਤੇ ਇਉਂ ਵਰਤਿਆਂ ਹੀ ਮਨ ਅਡੋਲ ਹੋ ਕੇ ਮੰਨਿਆ ਕਾਬੂ ਆਯਾ ਕਰਦਾ ਹੈ।

ਜਗਜੀਵਨ ਜਗ ਜਗ ਜਗਜੀਵਨ ਮੈ ਪੂਰਨ ਬ੍ਰਹਮਗਿਆਨ ਧਿਆਨ ਉਰ ਆਨੇ ਹੈ ।

ਜਦ ਕਿ ਜਗਤ, ਜਗ ਜੀਵਨ ਜਗਤ ਦੀ ਜਾਨ ਰੂਪ ਪਰਮਾਤਮਾ ਵਿਖੇ ਅਰੁ ਪਰਮਾਤਮਾ ਜਗਤ ਵਿਖੇ ਪੂਰਨ ਪੂਰਿਆ ਹੋਇਆ, ਇਕ ਮਾਤ੍ਰ ਬ੍ਰਹਮ ਹੀ ਉਰ ਆਪਣੇ ਅੰਦਰ ਜਾਨਣ ਤੇ ਧਿਆਨ ਵਿਚ ਲਿਆਯਾ ਕਰਦਾ ਹੈ।

ਸੂਖਮ ਸਥੂਲ ਮੂਲ ਏਕ ਹੀ ਅਨੇਕ ਮੇਕ ਗੋਰਸ ਗੋਬੰਸ ਗਤਿ ਪ੍ਰੇਮ ਪਹਿਚਾਨੇ ਹੈ ।

ਅਰਥਾਤ ਸਭ ਸੂਖਮ ਸਥੂਲ ਦਾ ਮੁੱਢ ਕਾਰਣ ਇਕ ਹੀ ਅਨੇਕਾਂ ਵਿਚ ਮਿਲਿਆ ਹੋਇਆ ਇਸ ਤਰ੍ਹਾਂ ਪ੍ਰੇਮ ਪੂਰਬਕ ਪਛਾਣਿਆ ਕਰਦਾ ਹੈ, ਜਿਸ ਤਰ੍ਹਾਂ ਕਿ ਗੋਬੰਸ ਗਊ ਜਾਤੀ ਅੰਦਰ ਗੋਰਸ ਦੁੱਧ ਜਾਂ ਘਿਉ ਗਤਿ ਰਮਿਆ ਹੁੰਦਾ ਹੈ।

ਕਾਰਨ ਮੈ ਕਾਰਨ ਕਰਨ ਚਿਤ੍ਰਿ ਮੈ ਚਿਤੇਰੋ ਜੰਤ੍ਰ ਧੁਨਿ ਜੰਤ੍ਰੀ ਜਨ ਕੈ ਜਨਕ ਜਾਨੇ ਹੈ ।੨੨੭।

ਜਿਸ ਪ੍ਰਕਾਰ ਚਿਤ੍ਰ ਮੂਰਤੀ ਵਿਖੇ ਚਿਤੇਰੇ ਮੂਰਤੀ ਖਿੱਚਨ ਵਾਲੇ ਦੀ ਸੱਤਾ ਭਰਪੂਰ ਹੁੰਦੀ ਹੈ, ਅਰੁ ਜੰਤ੍ਰ ਬਾਜ ਦੀ ਧੁਨਿ ਨਾਦ ਵਿਖੇ ਜੰਤ੍ਰੀ ਬਾਜਾ ਬਜੌਨ ਵਾਲੇ ਦੀ ਸਤ੍ਯਾ, ਤਥਾ ਜਨ ਕੈ ਉਤਪੰਨ ਪਦਰਥ ਪੁਤ੍ਰ ਆਦਿ ਨੂੰ ਜਨਕ ਰਚਨ ਹਾਰ ਪਿਤਾ ਆਦਿ ਕਰ ਕੇ ਅਰਥਾਤ ਓਨਾਂ ਦਾ ਰੂਪ ਕਰ ਕੇ ਜਾਣੀਦਾ ਹੈ, ਇਸੀ ਪ੍ਰਕਾਰ ਕਾਰਨ ਸਮੂਹ ਕਾਰਜ ਰੂਪ ਪਰਪੰਚ ਵਿਖੇ ਇਸ ਕਾਰਨ ਦਾ ਕਰਣ ਹਾਰਾ ਕਰਤਾ ਕਰਤਾਰ ਰਮ੍ਯਾ ਹੋਯਾ ਜਾਣਨ ਵਿਚ ਔਂਦਾ ਹੈ। ਭਾਵ ਇਹ ਜਗਤ ਹਰਿ ਕਾ ਰੂਪ ਹੈ ਹਰਿ ਰੂਪ ਨਦਰੀ ਆਇਆ ਇਸ ਅਵਸਥਾ ਵਿਚ ਸਾਮਰਤੱਖ ਅਨਭਉ ਹੋਣ ਲੱਗ ਪਿਆ ਕਰਦਾ ਹੈ ॥੨੨੭॥


Flag Counter