ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 581


ਜੈਸੇ ਅੰਨਾਦਿ ਆਦਿ ਅੰਤ ਪਰਯੰਤ ਹੰਤ ਸਗਲ ਸੰਸਾਰ ਕੋ ਆਧਾਰ ਭਯੋ ਤਾਂਹੀ ਸੈਂ ।

ਜਿਵੇਂ ਕਿ ਅੰਨ ਆਦਿਕ ਪਦਾਰਥ ਮੁੱਢ ਤੋਂ ਅਖੀਰ ਤੱਕ ਮਾਰੀਂਦੇ ਕੁਟੀਂਦੇ ਭਾਵ ਦੁੱਖ ਉਠਾਉਂਦੇ ਰਹਿੰਦੇ ਹਨ ਇਸੇ ਕਰ ਕੇ ਸਾਰੇ ਸੰਸਾਰ ਦਾ ਅਧਾਰ ਬਣ ਗਏ ਹਨ।

ਜੈਸੇ ਤਉ ਕਪਾਸ ਤ੍ਰਾਸ ਦੇਤ ਨ ਉਦਾਸ ਕਾਢੈ ਜਗਤ ਕੀ ਓਟ ਭਏ ਅੰਬਰ ਦਿਵਾਹੀ ਸੈਂ ।

ਜਿਵੇਂ ਕਿ ਕਪਾਹ ਝੰਬੀਂ ਦਿਆਂ ਸਮੇਂ ਸਾਹ ਨਹੀਂ ਕੱਢਦੀ, ਤਦੇ ਹੀ ਕੱਪੜੇ ਦੇਂਦੀ ਹੈ, ਤੇ ਜਗਤ ਦੀ ਓਟ ਪਰਦੇ ਕੱਜਦੀ ਹੈ।

ਜੈਸੇ ਆਪਾ ਖੋਇ ਜਲ ਮਿਲੈ ਸਭਿ ਬਰਨ ਮੈਂ ਖਗ ਮ੍ਰਿਗ ਮਾਨਸ ਤ੍ਰਿਪਤ ਗਤ ਯਾਹੀ ਸੈਂ ।

ਜਿਵੇਂ ਪਾਣੀ ਨੇ ਆਪਾ ਭਾਵ ਗੁਆਉਣ ਵਿਚ ਇਤਨਾ ਕਮਾਲ ਕੀਤਾ ਹੈ ਕਿ ਸਾਰੇ ਰੰਗਾਂ ਨਾਲ ਇਕ ਰੂਪ ਹੋ ਜਾਂਦਾ ਹੈ ਇਸ ਨਿਰਮਲ ਦਸ਼ਾ ਕਰ ਕੇ ਹੀ ਪੰਛੀ, ਪਸ਼ੂ ਤੇ ਮਨੁੱਖਾਂ ਨੂੰ ਤ੍ਰਿਪਤੀ ਦੇਣ ਦੀ ਗਤੀ ਵਾਲਾ ਹੋ ਗਿਆ ਹੈ।

ਤੈਸੇ ਮਨ ਸਾਧਿ ਸਾਧਿ ਸਾਧਨਾ ਕੈ ਸਾਧ ਭਏ ਯਾਹੀ ਤੇ ਸਕਲ ਕੌ ਉਧਾਰ ਅਵਗਾਹੀ ਸੈਂ ।੫੮੧।

ਜਿਵੇਂ ਸਾਧੂ ਲੋਕ ਮਨ ਨੂੰ ਸਾਧਨਾ ਨਾਲ ਸਾਧ ਸਾਧ ਕੇ ਉੱਤਮ ਪੁਰਖ ਹੋਏ ਹਨ, ਇਸੇ ਕਰ ਕੇ ਉਹ ਸਾਰੇ ਸੰਸਾਰ ਦਾ ਉਧਾਰ ਕਰਨ ਵਾਲੇ ਹਨ, ਇਹ ਗੱਲ ਨਿਰਣੈ ਕੀਤੀ ਹੋਈ ਹੈ ॥੫੮੧॥