ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 270


ਕੋਟਿ ਬ੍ਰਹਮਾਂਡ ਜਾਂ ਕੇ ਏਕ ਰੋਮ ਅਗ੍ਰਭਾਗਿ ਪੂਰਨ ਪ੍ਰਗਾਸ ਤਾਸ ਕਹਾ ਧੌ ਸਮਾਵਈ ।

ਜਿਸ ਵਾਹਿਗੁਰੂ ਦੇ ਇਕ ਵਾਲ ਦੀ ਨੋਕ ਮਾਤ੍ਰ ਵਿਖੇ ਕ੍ਰੋੜਾਂ ਹੀ ਬ੍ਰਹਮਾਂਡਾਂ ਦਾ ਵਾਸਾ ਹੋਇਆ ਰਹਿੰਦਾ ਹੈ, ਤਿਸਦਾ ਪੂਰਨ ਪ੍ਰਗਾਸ ਓਸ ਦੀ ਸਮਗ੍ਰ ਵਿਭੂਤੀ ਭਲਾ ਕਿਹੜੀ ਥਾਂ ਧੌਂ ਲਿਫਕੇ ਸਿੰਗੁੜਕੇ ਸਮਾਈ ਪਾ ਸਕੇ। ਭਾਵ ਪ੍ਰਛਿੰਨ ਭਾਵੀ ਦਸ਼ਾ ਵਿਖੇ ਉਹ ਕਿਧਰੇ ਨਹੀਂ ਸਮਾ ਸਕਦਾ।

ਜਾਂ ਕੇ ਏਕ ਤਿਲ ਕੋ ਮਹਾਤਮ ਅਗਾਧਿ ਬੋਧ ਪੂਰਨ ਬ੍ਰਹਮ ਜੋਤਿ ਕੈਸੇ ਕਹਿ ਆਵਈ ।

ਜਿਸ ਦੇ ਤਿਲ ਦੇ ਮਹਾਤਮ ਪ੍ਰਭਾਵ ਤੇਜ ਦਾ ਬੋਧ ਜਾਨਣਾ ਸਮਝਨਾ ਅਥਾਹ ਰੂਪ ਹੈ, ਓਸ ਪੂਰਨ ਬ੍ਰਹਮ ਦੀ ਜ੍ਯੋਤੀ ਸਰਬ ਬਿਆਪੀ ਪੂਰਣ ਚਮਤਕ੍ਰਿਤੀ ਭਲਾ ਕਿਸ ਪ੍ਰਕਾਰ ਕਹਿ ਆਵਈ ਕਿਤ ਢੋਈ ਜਾ ਸਕੇ। ਵਾ ਕਹਿਣ ਵਿਚ ਆ ਸਕੇ। ਭਾਵ ਕਿਧਰੇ ਨਹੀਂ ਲਿਆਂਦੀ ਯਾ ਕਹੀ ਜਾ ਸਕਦੀ। ਉਸ ਅਨੁਭਵ ਦੇ ਪ੍ਰਭਾਵ ਦੀ ਮਹਿਮਾ ਦਾ ਸਮੂਲਚੇ ਜਾਨਣਾ ਤਾਂ ਕਿਧਰੇ ਰਿਹਾ ਓਸ ਵਿਚੋਂ ਤਿਲ ਪ੍ਰਮਾਣ ਤੁੱਛ ਭਰ ਅਨੁਭਵ ਦੀ ਸ਼ੋਭਾ ਹੀ ਐਸੀ ਅਤੁਲ ਹੈ ਕਿ ਓਸ ਦੀ ਤੁਲਨਾ ਕਰਣ ਹਾਰਾ ਨਾ ਤਾਂ ਕੋਈ ਤੁਲ ਵੱਟਾ ਹੀ ਪ੍ਰਮਾਣ ਮਾਤ੍ਰ ਤੇ ਮਿਲ ਸਕਦਾ ਹੈ ਅਰੁ ਨਾ ਹੀ ਤੁਲਾਧਾਰ ਤੋਲਨਹਾਰਾ ਯਾ ਕੰਡਾ ਤਕੜੀ ਸੋਚ ਵੀਚਾਰ ਹੀ। ਪਾਰ ਕੈ ਅਪਾਰ ਪਾ ਵਜੋਂ ਤਾਂ ਅਪਾਰ ਹੈ ਅਰਥਾਤ ਓਸ ਦੀ ਪਾਰਲੀ ਹੱਦ ਨਹੀਂ ਜਾਣੀ ਜਾ ਸਕਦੀ ਤੇ ਅੰਤ = ਓੜਕ ਥਾਹ ਦਾ ਅਨੰਤ ਸ਼ੇਸ਼ਨਾਗ ਪਤਾਲ ਦੀ ਹੱਦ ਤਕ ਧਸ ਜਾਣ ਵਾਲਾ ਭੀ ਨਹੀਂ ਪਾ ਸਕਦਾ।

ਜਾ ਕੇ ਓਅੰਕਾਰ ਕੇ ਬਿਥਾਰ ਕੀ ਅਪਾਰ ਗਤਿ ਸਬਦ ਬਿਬੇਕ ਏਕ ਜੀਹ ਕੈਸੇ ਗਾਵਈ ।

ਜਿਸ ਦੇ ਓਅੰਕਾਰ ਓਂ ਪਦ ਵਾਚੀ ਅਯੰਕਾਰ ਸਰੂਪ ਹੋਣ ਦੇ ਅਰਥਾਤ ਜਗਤ ਸ੍ਰਿਸ਼ਟੀ ਦੇ ਬੀਜ ਰੂਪ ਸ਼ਬਦ ਦੇ ਪਰਪੰਚ ਰੂਪ ਵਿਸਤਾਰ ਪਸਾਰੇ ਦੀ ਅਪਾਰ ਗਤੀ ਹੈ ਓਸ ਦੇ ਸਬਦ ਸਾਖ੍ਯਾਤ ਅਗੰਮੀ ਬਾਣੀ ਦੇ ਬਿਬੇਕ ਵੀਚਾਰ ਨੂੰ ਇਕ ਵਿਚਾਰੀ ਰਸਨਾ ਕੈਸੇ ਗਾਇਨ ਕਰ ਸਕੇ ਭਾਵ ਓਸ ਦੇ ਮਹੱਤ ਨੂੰ ਨਹੀਂ ਵਰਨਣ ਕਰ ਸਕਦੀ।

ਪੂਰਨ ਬ੍ਰਹਮ ਗੁਰ ਮਹਿਮਾ ਅਕਥ ਕਥਾ ਨੇਤਿ ਨੇਤਿ ਨੇਤਿ ਨਮੋ ਨਮੋ ਕਰਿ ਆਵਈ ।੨੭੦।

ਐਸਾ ਪੂਰਨ ਬ੍ਰਹਮ ਸਰੂਪ ਸਤਿਗੁਰੂ ਜਿਸ ਦੀ ਮਹਿਮਾ ਨੇਤਿ ਨੇਤਿ ਨੇਤਿ ਆਦਿ ਸ਼ਬਦਾਂ ਦ੍ਵਾਰੇ ਕਥਨ ਕਰਣੋਂ ਅਕਥ ਰੂਪ ਹੈ, ਗੁਰੂ ਮਹਾਰਾਜ ਤਾਈਂ ਕੇਵਲ ਬਾਰੰਬਾਰ ਨਮਸਕਾਰ ਕਰਨ ਮਾਤ੍ਰ ਤੇ ਹੀ ਗੁਰਮੁਖਾਂ ਦੇ ਹਿਰਦੇ ਵਿਚ ਆਵਈ ਸਾਖ੍ਯਾਤਕਾਰਤਾ ਨੂੰ ਆਣ ਪ੍ਰਗਟ ਕਰਿਆ ਕਰਦਾ ਹੈ ॥੨੭੦॥


Flag Counter