ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 123


ਏਕ ਹੀ ਗੋਰਸ ਮੈ ਅਨੇਕ ਰਸ ਕੋ ਪ੍ਰਗਾਸ ਦਹਿਓ ਮਹਿਓ ਮਾਖਨੁ ਅਉ ਘ੍ਰਿਤ ਉਨਮਾਨੀਐ ।

ਏਕ ਹੀ ਗੋਰਸ ਮੈ ਅਨੇਕ ਰਸ ਕੋ ਪ੍ਰਗਾਸ ਇੱਕੋ ਹੀ ਗੋਰਸ ਦੁੱਧ ਵਿਖੇ ਅਨੇਕਾਂ ਰਸਾਂ ਦੀ ਪ੍ਰਗਟਤਾ ਹੁੰਦੀ ਹੈ। ਜਿਹਾ ਕਿ ਦਹਿਓ ਦਹੀ, ਮਹਿਓ, ਮਠਾ, ਮਾਖਨ ਅਉਰ ਘਿਓ, ਉਨਮਾਨੀਐ ਵਿਚਾਰੀ ਤੱਕੀਦੇ ਹਨ। ਭਾਵ ਦੁੱਧ ਅਨੇਕਤਾ ਦੇ ਪਸਾਰੇ ਵਾਲੀ ਵਸਤੂ ਹੋਣ ਕਰ ਕੇ ਦੁਧਭੋਗ ਇਸ ਘਰ ਵਿਚ ਨਹੀਂ ਸਮਝਿਆ ਗਿਆ।

ਏਕ ਹੀ ਉਖਾਰੀ ਮੈ ਮਿਠਾਸ ਕੋ ਨਿਵਾਸ ਗੁੜੁ ਖਾਂਡ ਮਿਸਰੀ ਅਉ ਕਲੀਕੰਦ ਪਹਿਚਾਨੀਐ ।

ਐਸਾ ਹੀ ਏਕ ਹੀ ਊਖਾਰੀ ਸੈ ਮਿਠਾਸ ਕੋ ਨਿਵਾਸ ਇੱਕੋ ਹੀ ਊਖਾਰੀ ਕਮਾਦ ਵਿਖੇ ਗੁੜ, ਖੰਡ, ਮਿਸਰੀ, ਅਉ ਅਤੇ ਕਲੀਕੰਦ ਖੰਡੂ ਦਾਣਾ ਯਾ ਕੂਜਾ ਮਿਸਰੀ ਪਛਾਨਣ ਵਿਚ ਔਂਦੀ ਹੈ,ਭਾਵ ਮਿੱਠਾ ਭੀ ਅਨੇਕਾਂ ਪਸਾਰਿਆਂ ਦਾ ਮੂਲ ਹੈ।

ਏਕ ਹੀ ਗੇਹੂ ਸੈ ਹੋਤ ਨਾਨਾ ਬਿੰਜਨਾਦ ਸ੍ਵਾਦ ਭੂਨੇ ਭੀਜੇ ਪੀਸੇ ਅਉ ਉਸੇ ਈ ਬਿਬਿਧਾਨੀਐ ।

ਇਞੇਂ ਹੀ ਏਕ ਹੀ ਗੇਹੂ ਸੈ ਹੇਤ ਨਾਨਾ ਬਿੰਜਨਾਦਿ ਸ੍ਵਾਦ ਇਕੋ ਹੀ ਕਣਕ ਤੋਂ ਹੁੰਦੇ ਹਨ ਨਾਨਾ ਪ੍ਰਕਾਰ ਦੇ ਸ੍ਵਾਦ ਵੰਤ ਚਾਖਵੇਂ ਭੋਜਨ ਆਦਿ ਪਦਾਰਥ ਕੇਵਲ ਭੂਲੇ ਭੁੱਜੇ ਵਾ ਸੋੜੇ ਹੋਏ ਰੂਪ ਵਿਚ ਤੇ ਕੋਈ ਕੇਵਲ ਭੀਜੇ ਭਿਉਨ ਮਾਤ੍ਰ ਤੇ ਹੀ ਖਾਣ ਲੈਕ, ਅਰੁ ਕਈ ਪੀਸੇ ਪੀਠੀ ਸੱਤੂ ਆਦਿ ਦੇ ਰੂਪ ਦੇ ਅਉ ਉਸੇਈ ਅਤੇ ਕੋਈ ਉਬਾਲ ਕੇ ਤਯਾਰ ਕੀਤੇ ਘੁੰਗਣੀਆਂ ਆਦਿ, ਇਸ ਤਰ੍ਹਾਂ ਇੱਕੋ ਕਣਕ ਬਿਬਿਧਾਨੀਐ ਅਨੇਕ ਪ੍ਰਕਾਰ ਦੇ ਸਰੂਪ ਧਾਰਿਆ ਕਰਦੀ ਹੈ। ਇਸ ਲਈ ਭੀ ਅਨੇਕਤਾ ਦੇ ਪਸਾਰੇ ਵਾਲੀ ਹੀ ਵਸਤੂ ਹੈ, ਜਿਸ ਕਰ ਕੇ ਪ੍ਰਸ਼ਾਦ ਹੋਣ ਦੇ ਮਾਨ ਤੋਂ ਇਕੱਲੇ ਰੂਪ ਵਿਚ ਇਹ ਭੀ ਵੰਜੀ ਰਹੀ।

ਪਾਵਕ ਸਲਿਲ ਏਕ ਏਕਹਿ ਗੁਨ ਅਨੇਕ ਪੰਚ ਕੈ ਪੰਚਾਮ੍ਰਤ ਸਾਧਸੰਗੁ ਜਾਨੀਐ ।੧੨੩।

ਅਲਬੱਤਾ ਪਾਵਕ ਸਲਿਲ ਏਕ ਏਕਹਿ ਅਨੇਕ ਗੁਨ ਅਗਨੀ ਤੇ ਜਲ ਨਾਲ ਮਿਲ ਕੇ ਅਨੇਕਤਾ ਦੇ ਗੁਣ ਵਾਲੇ ਇਹ ਉਕਤ ਪਦਾਰਥ ਦੁੱਧ ਮਿੱਠਾ ਤਥਾ ਮੈਦਾ ਮੁੜ ਏਕ ਏਕਹਿ ਇਕ ਵਿਚ ਹੀ ਇਕ ਰੂਪ ਆਦਿ ਬਣਦੇ ਹਨ, ਜਿਸ ਕਰ ਕੇ ਪੰਚ ਕੈ ਪੰਚਾਮ੍ਰਿਤ ਸੁ ਸਾਧ ਸੰਗੁ ਜਾਨੀਐ ਹੁਣ ਪੰਚਾਂ ਤੋਂ ਪੰਚਾਮ੍ਰਿਤ ਕੜਾਹ ਪ੍ਰਸ਼ਾਦ ਕਰ ਕੇ ਸਾਧ ਸੰਗਤਿ ਕਰ ਕੇ ਜਾਣਿਆ ਜਾਂਦਾ ਆਦਰ ਦੇ ਲੈਕ ਸਮਝਿਆ ਜਾਂਦਾ ਹੈ। ਭਾਵ ਇਹ ਕਿ ਗੁਰੂ ਦਾ ਘਰ ਏਕਤਾ ਦਾ ਹੈ ਨਾ ਕਿ ਅਨੇਕਤਾ ਦਾ ਜਿਹਾ ਅੰਨ ਤਿਹਾ ਮਨਿ ਆਖਦੇ ਹਨ, ਇਸ ਲਈ ਅਨੇਕਤਾ ਪਸਾਰੂ ਪਦਾਰਥ ਮਾਲਕ ਤੋਂ ਵਿਛੜਨ ਵਾਲੀ ਮਨ ਦੀ ਦਸ਼ਾ ਬਣੌਂਦੇ ਹਨ, ਤੇ ਕੜਾਹ ਪ੍ਰਸਾਦਿ ਅਨੇਕਤਾ ਵੱਲੋਂ ਏਕਤਾ ਦੇ ਘਰ ਔਣ ਵਾਲਾ ਹੋਣ ਕਾਰਣ ਆਪਣੇ ਅੰਗੀਕਾਰ ਕਰਨ ਵਾਲੇ ਦੇ ਮਨ ਨੂੰ ਏਕਤਾ ਦੇ ਘਰ ਔਣ ਵਾਲਾ ਬਣਾਨਹਾਰਾ ਹੈ, ਜਿਸ ਕਰ ਕੇ ਗੁਰੂ ਜੀ ਦਾ ਭੋਗ ਕਰਤਾਰ ਦਾ ਭੋਗ ਰੂਪ ਹੋ ਕੇ ਇਸ ਨੇ ਇਸ ਘਰ ਵਿਚ ਮਾਨ ਪਾਯਾ ਹੈ ॥੧੨੩॥


Flag Counter