ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 1


ੴ ਸਤਿਗੁਰ ਪ੍ਰਸਾਦਿ ॥

ਬਾਣੀ ਦਾ (ਮੰਤ੍ਰ ਦਾ ) ਮੂਲ, ਸਭ ਸ਼ਬਦਾਂ ਦੀ ਆਦਿ ਸ਼ਬਦ (ਸੁਤੇ ਹੀ ਮੰਗਲ ਰੂਪ)। (ਓਨਮ = ਮੰਤ੍ਰਾਂ ਦੇ ਆਦਿ ਅੰਤ ਵਿਖੇ ਪ੍ਰਯੋਗ ਕਰਣੇ ਜੋਗ ਸੰਪੁਟ ਰੂਪ ਸੰਕੇਤੀ ਅਖਰ ) ਸ਼ੋਭਾ, ਕਲ੍ਯਾਣ, ਅਨੰਦ। ਤਿੰਨਾਂ ਕਾਲਾਂ ਵਿਚ ਇਕ ਰਸ ਰਹਣਿ ਵਾਲਾ ਜੋ ਹੋਵੇ ਨਾਸ਼ ਰਹਿਤ। ਹਨੇਰੇ ਵਿਚ ਚਾਨਣਾ ਕਰਨ ਵਾਲਾ ਜੜ੍ਹ ਪਦਾਰਥਾਂ ਦਾ ਪ੍ਰਕਾਸ਼ਕ ਚੈਤੰਨ੍ਯ ਸਰੂਪ।

ਬਾਣੀ ਭਾਈ ਗੁਰਦਾਸ ਭਲੇ ਕੀ ।

ਸੋਰਠਾ ।

ਆਦਿ ਪੁਰਖ ਆਦੇਸ ਓਨਮ ਸ੍ਰੀ ਸਤਿਗੁਰ ਚਰਨ ।

ਸਭ ਦੀ ਆਦਿ ਸ੍ਰਿਸ਼ਟੀ ਆਦਿ ਦਾ ਭੀ ਜੋ ਆਦਿ ਹੈ, ਓ ਨਮ, ਓ+ਅ+ਮ=ਓਂ ਸਤਿ ਚਿਤ ਆਨੰਦ ਸਰੂਪ (ਅਕਾਲ ਪੁਰਖ ਅੰਤਰਯਾਮੀ, ਇਸ ਸਰੀਰ ਵਿਖੇ ਬਿਰਾਜਮਾਨ ਆਦਿ ਸ੍ਵਰੂਪ ਨੂੰ ਐਸਾ ਜਾਣ ਕਰ ਅਨੁਭਵ ਵਿਖੇ ਲਿਆ ਕੇ ਤਿਸ ਦੇ ਤਾਈਂ ਨਮਸਕਾਰ ਕਰਦਾ ਹਾਂ।

ਘਟ ਘਟ ਕਾ ਪਰਵੇਸ ਏਕ ਅਨੇਕ ਬਿਬੇਕ ਸਸਿ ।੧।੧।

ਜੋ ਇਕ ਚੰਦ੍ਰਮਾ ਦੇ ਅਨੇਕਾਂ ਘੜਿਆਂ ਮਟਕਿਆਂ ਆਦਿ ਵਿਚ ਪ੍ਰਤਿਬਿੰਬਿਤ ਹੋ ਅਨੇਕ ਰੂਪ ਹੋਣ ਵਤ ਅਨੰਤ ਰੂਪ ਹੋ ਰਮਿਆ ਹੋਇਆ ਹੈ, ਇਸ ਸਰੀਰ ਵਿਖੇ ਬਿਰਾਜਮਾਨ ਆਦਿ ਸ੍ਵਰੂਪ ਨੂੰ ਐਸਾ ਜਾਣ ਕਰ ਅਨੁਭਵ ਵਿਖੇ ਲਿਆ ਕੇ ਆਦੇਸ ਪ੍ਰਣਾਮ ਕਰਦਾ ਹਾਂ ॥੧॥

ਦੋਹਰਾ ।

ਸਤਿਗੁਰੂ ਹੀ ਅਕਾਲ ਪੁਰਖ:

ਓਨਮ ਸ੍ਰੀ ਸਤਿਗੁਰ ਚਰਨ ਆਦਿ ਪੁਰਖ ਆਦੇਸੁ ।

ਓਂ ਨਮ ਓ ਮੰਗਲ ਮਈ ਸ਼ਬਦ ਨੂੰ ਉਚਾਰਣ ਕਰੇ, ਆਦਿ ਪਹਿਲੇ ਸ੍ਰੀ ਸ਼ੋਭਾ ਯਮਾਨ, ਸਤਿਗੁਰ ਪੁਰਖ ਸ੍ਰੀ ਗੁਰੂ ਨਾਨਕ ਦੇਵ ਸਰੂਪ ਜੋ ਹੋ ਕੇ ਪ੍ਰਗਟੇ ਤਿਨਾਂ ਦੇ ਤਾਂਈ ਆਦੇਸ ਪ੍ਰਣਾਮ ਕਰਦਾ ਹਾਂ।

ਏਕ ਅਨੇਕ ਬਿਬੇਕ ਸਸਿ ਘਟ ਘਟ ਕਾ ਪਰਵੇਸ ।੨।੧।

ਘਟ ਘਟ ਕਾ ਪਰਵੇਸ ਘੜੇ ਘੜੀਆਂ ਆਦਿ ਸਰੂਪੀ ਪੁਰਖ ਇਸਤ੍ਰੀਆਂ ਆਦਿ ਸਰੀਰਾਂ ਵਿਖੇ ਜਿਸ ਨੇ ਪਰਵੇਸ਼ ਪਾ ਕੇ ਪ੍ਰਤਿਬਿੰਬਤ ਹੋ ਕੇ ਇਕ ਚੰਦ੍ਰਮਾ ਤੋਂ ਅਨੇਕ ਵਤ ਅਪਨਾ ਬਿਬੇਕ ਕਰਵਾਇਆ ਹੈ ॥੨॥

ਛੰਦ ।

ਗੁਰੂ ਮਹਾਰਾਜ ਅਨਾਮੀ ਸਰੂਪ ਹਨ:

ਘਟ ਘਟ ਕਾ ਪਰਵੇਸ ਸੇਸ ਪਹਿ ਕਹਤ ਨ ਆਵੈ ।

ਘੜੇ ਘੜੀਆਂ ਵਿਖੇ ਚੰਦ੍ਰ ਪ੍ਰਤਿਬਿੰਬ ਵਤ ਜਿਸ ਪ੍ਰਕਾਰ ਸਤਿਗੁਰ ਅਕਾਲ ਪੁਰਖ ਨੇ ਊਚ ਨੀਚ ਆਦਿ ਸ਼ਰੀਰਾਂ ਵਿਖੇ ਪ੍ਰਵੇਸ਼ ਪਾਇਆ ਹੋਇਆ ਹੈ, ਸ਼ੇਸ਼ ਨਾਗ ਪਾਸੋਂ ਦੋ ਹਜ਼ਾਰ ਜ਼ਬਾਨਾਂ ਤੋਂ ਭੀ, ਨਹੀਂ ਕਿਹਾ ਜਾ ਸਕਦਾ।

ਨੇਤ ਨੇਤ ਕਹਿ ਨੇਤ ਬੇਦੁ ਬੰਦੀ ਜਨੁ ਗਾਵੈ ।

ਬੇਦ ਭੱਟਾਂ ਸਮਾਨ, 'ਨ ਇਤੀ' 'ਨ ਇਤੀ' 'ਨ ਇਤੀ' ('ਨਹੀਂ ਬਸ' 'ਨਹੀਂ ਬਸ' 'ਨਹੀਂ ਬਸ' ਵਾ 'ਨਹੀਂ ਇਸ ਪ੍ਰਕਾਰ ਦਾ' ਇਦੰਤਾ ਕਰ ਕੇ ਕਥਨ ਕਰਣ ਜੋਗ ਬਾਰੰਬਾਰ ਉਚਾਰ ਉਚਾਰ ਕੇ, ਗਾਯਨ ਕਰਦੇ ਹਨ।

ਆਦਿ ਮਧਿ ਅਰੁ ਅੰਤੁ ਹੁਤੇ ਹੁਤ ਹੈ ਪੁਨਿ ਹੋਨਮ ।

ਆਦਿ ਵਿਚ ਭੀ ਉਹ ਹੈ ਸੀ, ਅਰੁ, ਮਧ ਵਰਤਮਾਨ ਕਾਲ ਵਿਖੇ ਭੀ ਹੈਨਵੇ, ਬਹੁੜੋ ਐਸਾ ਹੀ, ਅੰਤ ਪ੍ਰਲਯ ਕਾਲ ਵਿਖੇ ਓੜਕ ਸਮੇਂ ਭੀ, ਹੋਣਗੇ।

ਆਦਿ ਪੁਰਖ ਆਦੇਸ ਚਰਨ ਸ੍ਰੀ ਸਤਿਗੁਰ ਓਨਮ ।੩।੧।

ਮੰਗਲ ਮਈ ਅਖ੍ਯਰ ਦਾ ਉਚਾਰ ਕਰ ਕੇ ਐਸੇ ਸਤਿ ਚਿਤ ਅਨੰਦ, ਚਲਨ ਸ੍ਵਭਾਵ ਵਾ ਸਰੂਪ ਆਦਿ ਪੁਰਖ ਆਦਿਗੁਰੂ ਤਾਂਈਂ ਮੈਂ ਪ੍ਰਣਾਮ ਕਰਦਾ ਹਾਂ ॥੩॥


Flag Counter