ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 467


ਦੋਇ ਦਰਪਨ ਦੇਖੈ ਏਕ ਮੈ ਅਨੇਕ ਰੂਪ ਦੋਇ ਨਾਵ ਪਾਵ ਧਰੈ ਪਹੁਚੈ ਨ ਪਾਰਿ ਹੈ ।

ਆਦਮ ਕੱਦ ਦੇ ਦੋ ਸ਼ੀਸ਼ੇ ਆਮੋ ਸਾਮ੍ਹਣੇ ਰੱਖ ਕੇ ਓਨਾਂ ਵਿਚੋਂ ਦੇਖਿਆਂ ਦੇਖਣ ਵਾਲੇ ਨੂੰ ਆਪਣੇ ਬੁੱਤਾਂ ਦੀ ਇਕ ਲੰਮੀ ਦੀ ਲੰਮੀ ਕਿਤਾਰ ਖੜੋਤੀ ਦਿਸ੍ਯਾ ਕਰਦੀ ਹੈ ਪਰ ਇਕੱਲੇ ਸ਼ੀਸ਼ੇ ਵਿਚ ਦੀ ਇਕੱਲੇ ਹੀ ਦਿੱਸੀਦਾ ਹੈ। ਸੋ ਓਸੇ ਅਨੁਭਵ ਨੂੰ ਸਾਮਨੇ ਰੱਖ ਕੇ ਐਸੇ ਆਖ੍ਯਾ ਹੈ ਕਿ ਦੋ ਸ਼ੀਸ਼ਿਆਂ ਵਿਚ ਦੀ ਦੇਖਿਆਂ ਇਕ ਆਪਣੇ ਰੂਪ ਦੇ ਅਨੇਕਾਂ ਰੂਪ ਹੋ ਦਿਸ੍ਯਾ ਕਰਦੇ ਹਨ: ਤੇ ਦੋ ਬੇੜੀਆਂ ਉਪਰ ਪੈਰ ਧਰਿਆਂ ਪਾਰ ਨਹੀਂ ਪਹੁੰਚੀ ਦਾ ਕਿੰਤੂ ਡੁੱਬ ਮਰੀਦਾ ਹੈ।

ਦੋਇ ਦਿਸਾ ਗਹੇ ਗਹਾਏ ਸੈ ਹਾਥ ਪਾਉ ਟੂਟੇ ਦੁਰਾਹੇ ਦੁਚਿਤ ਹੋਇ ਧੂਲ ਪਗੁ ਧਾਰਿ ਹੈ ।

ਦੁਵੱਲੀ ਫੜਿਆਂ ਫੜਾਇਆਂ ਕਰ ਕੇ ਹੱਥ ਪੈਰ ਹੀ ਟੁੱਟਿਆ ਕਰਦਾ ਹੈ, ਅਤੇ ਦੁਰਸਤੇ ਉਪਰ ਨਿਗ੍ਹਾ ਰਖਿਆਂ ਦੁਚਿੱਤਾ ਹੋ ਕੇ ਭੁਲੇਖੇ ਵਿਚ ਪੈਰ ਪਾਈਦਾ ਵਾਟੋਂ ਭੁੱਲੀ ਦਾ ਹੈ।

ਦੋਇ ਭੂਪ ਤਾ ਕੋ ਗਾਉ ਪਰਜਾ ਨ ਸੁਖੀ ਹੋਤ ਦੋਇ ਪੁਰਖਨ ਕੀ ਨ ਕੁਲਾਬਧੂ ਨਾਰਿ ਹੈ ।

ਦੋਹਾਂ ਰਾਜਿਆਂ ਦਾ ਇਕ ਗਾਉਂ ਦੇ ਹੁੰਦਿਆਂ ਤਿਨਾਂ ਦੇ ਪਿੰਡ ਵਿਚ ਪਰਜਾ ਸੁਖੀ ਨਹੀਂ ਹੋਇਆ ਕਰਦੀ ਤੇ ਦੋਹਾਂ ਪੁਰਖਾਂ ਦੀ ਇਸਤ੍ਰੀ ਕੁਲਾਬਧੂ ਕੁਲਵੰਤੀ ਨਾਰ ਨਹੀਂ ਹੁੰਦੀ।

ਗੁਰਸਿਖ ਹੋਇ ਆਨ ਦੇਵ ਸੇਵ ਟੇਵ ਗਹੈ ਸਹੈ ਜਮ ਡੰਡ ਧ੍ਰਿਗ ਜੀਵਨੁ ਸੰਸਾਰ ਹੈ ।੪੬੭।

ਇਸੇ ਪ੍ਰਕਾਰ ਗੁਰੂ ਕਾ ਸਿੱਖ ਹੋ ਕੇ ਜੇਕਰ ਹੋਰਨਾਂ ਦਵਤਿਆਂ ਦੇ ਸੇਵਨ ਆਰਾਧਨ ਦੀ ਟੇਵ ਵਾਦੀ ਰਖੇਗਾ ਤਾਂ ਸੰਸਾਰ ਵਿਚ ਜੀਉਂਦਾ ਹੋਯਾ ਤਾਂ ਨਿੱਤ ਹੀ ਫਿਟਕਾਰ ਲੈਕ ਰਹੂ ਤੇ ਮਰ ਕੇ ਜਮ ਰਾਜ ਦੀ ਕਠਨ ਤੜਨਾ ਨੂੰ ਸਹੇਗਾ ॥੪੬੭॥


Flag Counter