ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 181


ਗੁਰਮੁਖਿ ਸੁਖਿ ਫਲ ਚਾਖਤ ਭਈ ਉਲਟੀ ਤਨ ਸਨਾਤਨ ਮਨ ਉਨਮਨ ਮਾਨੇ ਹੈ ।

ਚਰਣ ਧੂੜੀ ਦੀ ਪ੍ਰਾਪਤੀ ਤੋਂ ਹੋਣ ਵਾਲੇ ਸੁਖਫਲ ਨੂੰ ਚੱਖਦੇ ਸਾਰ ਹੀ ਅਥਵਾ ਚਰਣ ਧੂੜੀ ਦੇ ਚੱਖਦੇ ਸਾਰ ਹੀ ਗੁਰਮੁਖ ਨੂੰ ਉਹ ਸੁਖ ਰੂਪ ਫਲ ਪ੍ਰਾਪਤ ਹੁੰਦਾ ਹੈ ਕਿ ਉਸ ਦੀ ਸੁਰਤਿ ਸਰੀਰ ਵਲੋਂ ਉਲਟੀ ਬਾਹਰ ਮੁਖੋਂ ਅੰਤਰ ਮੁਖ ਹੋ ਗਈ ਭਾਵ ਦੇਹੋ ਹੰ ਭਾਵ ਸਮੂਲਚਾ ਨਿਵਿਰਤ ਹੋ ਗਿਆ। ਅਰੁ ਸਨਾਤਨ ਧੁਰ ਤੋਂ ਹੀ ਜੋ ਮਨ ਮਾਨਸੀ ਤਰੰਗਾਂ ਦੇ ਅਧੀਨ ਵਰਤਨਹਾਰਾ ਅਮੋੜ ਦਸ਼ਾ ਵਿਚ ਵਰਤਦਾ ਰਿਹਾ ਸੀ ਉਨਮਨੀ ਭਾਵ ਵਿਖੇ ਮੰਨ ਜਾਂਦਾ ਸ਼ਾਂਤ ਭਾਵ ਵਿਚ ਸੁਖ ਅਨੁਭਵ ਕਰਨ ਲਗ ਜਾਂਦਾ ਹੈ।

ਦੁਰਮਤਿ ਉਲਟਿ ਭਈ ਹੈ ਗੁਰਮਤਿ ਰਿਦੈ ਦੁਰਜਨ ਸੁਰਜਨ ਕਰਿ ਪਹਿਚਾਨੇ ਹੈ ।

ਦੁਸ਼ਟ ਬੁਧੀ ਦੁਖਦਾਈ ਅਵਿਦਿ੍ਯਾ ਪ੍ਰਾਇਣੀ ਮਤਿ ਉਲਟ ਕੇ ਹਿਰਦੇ ਅੰਦਰ ਗੁਰਮਤਿ ਭਲੀ ਮਤਿ, ਸੁਖਦਾਈ ਗਿਆਨ ਪ੍ਰਾਇਣੀ ਮਤਿ ਬਣ ਗਈ ਹੈ ਅਤੇ ਦੁਸ਼ਟ ਪੁਰਖਾਂ ਤੋਂ ਕਾਮ ਕ੍ਰੋਧ ਆਦੀ ਭਾਵ ਰੂਪ ਆਸੁਰੀ ਸੁਭਾਵਾਂ ਦਾ ਤਿਆਗ ਕਰ ਕੇ ਸੁਰਜਨ ਸ੍ਰੇਸ਼ਟ ਪੁਰਖ ਦੈਵੀ ਸੁਭਾਵਾਂ ਵਾਲੇ ਭਲੇ ਸਾਧੂ ਪੁਰਖ ਕਰ ਕੇ ਪਹਿਚਾਨਣ ਵਿਚ ਔਣ ਲਗ ਪਈਦਾ ਹੈ।

ਸੰਸਾਰੀ ਸੈ ਉਲਟਿ ਪਲਟਿ ਨਿਰੰਕਾਰੀ ਭਏ ਬਗ ਬੰਸ ਹੰਸ ਭਏ ਸਤਿਗੁਰ ਗਿਆਨੇ ਹੈ ।

ਸੰਸਾਰ ਦਿਆਂ ਧੰਦਿਆਂ ਵਾਲੇ ਰੁਝੇਵਿਆਂ ਵਿਚੋਂ ਉਲਟ ਕੇ ਇਹ ਬੰਦਾ ਜੋ ਸੰਸਾਰੀ ਹੋ ਰਿਹਾ ਹੁੰਦਾ ਹੈ, ਪਰਤਕੇ ਮੁੜ ਨਿਰੰਕਾਰੀ ਨਿਰੰਕਾਰ ਪ੍ਰਾਇਣ ਹੋ ਜਾਂਦਾ ਹੈ, ਤੇ ਬਗਲ ਧਿਆਨੀਆਂ ਦੇ ਵਿਖ੍ਯ ਭੋਗ ਰੂਪ ਪੂੰਗਿਆਂ ਮੱਛੀਆਂ ਡੱਡੀਆਂ ਚੁਗਨ ਹਾਰਿਆਂ ਦੇ ਬੰਸ ਵਿਚ ਜੰਮ ਕੇ ਭੀ ਸਤਿਗੁਰੂ ਦੇ ਗਿਆਨ ਰੂਪ ਮੋਤੀ ਚੁਗਨ ਹਾਰੇ ਹੰਸ ਬਿਬੇਕੀ ਬਣ ਜਾਈਦਾ ਹੈ।

ਕਾਰਨ ਅਧੀਨ ਦੀਨ ਕਾਰਨ ਕਰਨ ਭਏ ਹਰਨ ਭਰਨ ਭੇਦ ਅਲਖ ਲਖਾਨੇ ਹੈ ।੧੮੧।

ਕਾਰਣ ਸਬੱਬ ਪਾ ਕੇ ਭਾਵ ਜ਼ਰਾ ਜ਼ਰਾ ਸੰਸਾਰੀ ਗੱਲ ਪਿੱਛੇ ਜੋ ਦੀਨ ਆਤੁਰ ਹੋ ਹੋ ਪਿਆ ਕਰਦੇ ਸੀ ਸ੍ਵਯੰ ਕਾਰਣ ਕਰਤੇ ਧਰਤੇ ਸਰਬ ਸਮਰੱਥ ਸਭ ਸਬਬਾਂ ਦੇ ਘੜਨ ਹਾਰੇ ਬੋਣ ਜਾਂਦੇ ਹਨ। ਖੋਹਨ ਖੱਸਨ ਮਾਰਣ ਤਥਾ ਦੇਣ ਪਾਲਨ ਜਿਵਾਨ ਦਾ ਭੇਦ ਵਰ ਸ੍ਰਾਪ ਦਾ ਜੋ ਮਰਮ ਅਲਖ ਰੂਪ ਹੈ ਓਸ ਨੂੰ ਲਖਣ ਹਾਰੇ ਬਣ ਜਾਂਦੇ ਹਨ ॥੧੮੧॥


Flag Counter