ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 348


ਸੋਭਿਤ ਸਰਦ ਨਿਸਿ ਜਗਮਗ ਜੋਤਿ ਸਸਿ ਪ੍ਰਥਮ ਸਹੇਲੀ ਕਹੈ ਪ੍ਰੇਮ ਰਸੁ ਚਾਖੀਐ ।

ਸਰਦ ਰਾਤ੍ਰੀ ਵਿਖੇ ਸਸਿ ਚੰਦ ਦੀ ਚਾਨਣੀ ਜਗਮਗ ਜਗਮਗ ਕਰ ਰਹੀ ਹੈ। ਪ੍ਰਥਮ ਸਹੇਲੀ ਮੁੱਖ ਸਖੀ ਆਖਦੀ ਹੈ ਕਿ ਆਓ ਪ੍ਰੇਮ ਰਸ ਨੂੰ ਚਖੀਏ ਮਾਣੀਏ ਅਥਵਾ ਸਖੀਆਂ ਵਿਚੋਂ ਮੁੱਖ ਹੋ ਪ੍ਰਗਟੀ ਨਾਯਕਾ ਸ੍ਰੀ ਗੁਰੂ ਨਾਨਕ ਨਿਰੰਕਾਰੀ ਦੇ ਸਿੱਖ ਬਣ ਕੇ ਪ੍ਰੇਮ ਰਸ ਨੂੰ ਚੱਖੀਏ ਬ੍ਰਹਮਾਨੰਦ ਦਾ ਸ੍ਵਾਦ ਲਈਏ ਵਾ ਪ੍ਰਥਮ ਸਖੀ ਗੁਰੂ ਸਾਹਿਬ ਐਉਂ ਆਖਦੇ ਹਨ:

ਪੂਰਨ ਕ੍ਰਿਪਾ ਕੈ ਤੇਰੈ ਆਇ ਹੈ ਕ੍ਰਿਪਾਨਿਧਾਨ ਮਿਲੀਐ ਨਿਰੰਤਰ ਕੈ ਹੁਇ ਅੰਤਰੁ ਨ ਰਾਖੀਐ ।

ਤੁਸਾਡੇ ਘਰ ਮਾਤਲੋਕ ਵਿਖੇ ਉਹ ਕ੍ਰਿਪਾ ਨਿਧਾਨ ਆਪ ਮਹਾਰਾਜ ਪੂਰਨ ਕਿਰਪਾ ਕਰਕੇ ਆਏ ਪ੍ਰਗਟੇ ਹਨ ਆਓ ਅੰਤਰਾਯ ਤੋਂ ਰਹਿਤ ਨਿਸ਼ੰਗ ਹੋ ਕੇ ਸੰਗਾ ਲਾਹ ਕੇ ਮਿਲੀਏ! ਅੰਤਰ ਵਿੜ ਵਿੱਥ = ਭੇਦ ਭਾਵ ਵਿਚਾਲੇ ਮੂਲੋਂ ਹੀ ਨਾ ਰਖੀਏ। ਅਰਥਾਤ ਪੂਰਨ ਸਿੱਖੀ ਧਾਰੀਏ।

ਚਰਨ ਕਮਲ ਮਕਰੰਦ ਰਸ ਲੁਭਿਤ ਹੁਇ ਮਨ ਮਧੁਕਰ ਸੁਖ ਸੰਪਟ ਭਿਲਾਖੀਐ ।

ਤਾਤਪ੍ਰਯ ਇਹ ਕਿ ਸਤਿਗੁਰਾਂ ਦੇ ਚਰਣ ਕਮਲਾਂ ਦੀ ਧੂਲੀ ਰੂਪ ਮਕਰੰਦ ਰਸ ਖਾਤਰ ਲੁਭਾਯਮਾਨ ਹੋਏ ਮਨ ਰੂਪ ਮਧੁਕਰ ਭੌਰਿਆਂ ਨੂੰ ਸੁਖ ਸੰਪਟ ਸੁਖ ਵਿਚ ਮਗਨ ਹੋਣ ਦੇ ਅਭਿਲਾਖੀ ਸਿੱਕਵੰਦ ਬਣਾਈਏ ਸੱਚੀ ਜਿਗ੍ਯਾਸਾ ਵਾਲੇ ਗੁਰਮੁਖ ਪ੍ਰੇਮੀ ਬਣ ਜਾਈਏ।

ਜੋਈ ਲਜਾਇ ਪਾਈਐ ਨ ਪੁਨਿ ਪਦਮ ਦੈ ਪਲਕ ਅਮੋਲ ਪ੍ਰਿਅ ਸੰਗ ਮੁਖ ਸਾਖੀਐ ।੩੪੮।

ਜਿਹੜਾ ਕੋਈ ਇਸ ਸਮੇਂ ਨੂੰ ਸੰਭਾਲਨੋਂ ਕਿਸੇ ਭਾਂਤ ਲੱਜਾ ਨੂੰ ਧਾਰੇਗਾ ਸੰਕੋਚ ਸੰਗਾ ਸਿੱਖੀ ਵਿਚ ਸ਼ਾਮਲ ਹੋਣ ਦੀ ਕਰੇਗਾ ਉਪ੍ਰੰਤ ਪਦਮ ਪਦਮਾਂਦੰਮ = ਅਸੰਖਾਂ ਰੁਪਯੇ ਖਰਚਿਆਂ ਭੀ ਪ੍ਰੀਤਮ ਗੁਰੂ ਮਹਾਰਾਜ ਦੇ ਮੇਲ ਦੀ ਅਮੋਲਕ ਪਲਕ = ਪਲਕਾਰ ਵਾ ਘੜੀ ਨਹੀਂ ਮਿਲੇਗੀ, ਮੁਖ ਸਾਖੀਐ ਪ੍ਰਧਾਨ ਪ੍ਰਧਾਨ ਲੋਕ ਸਮੇਂ ਸਮੇਂ ਦੇ ਮੁਖੀਏ ਰਿਖੀ ਮਹਾਤਮਾ ਇਸ ਵਿਖੇ ਸਾਖੀ ਹਨ। ਵਾ ਮੁਖ+ਸ+ਆਖੀਐ = ਮੁਖ ਸੇ ਆਖੀਐ ਧੰਨ ਧੰਨ ਮੂੰਹੋਂ ਆਖੀਏ, ਉਸ ਘੜੀ ਨੂੰ ਜਿਸ ਵਿਖੇ ਓਸ ਪ੍ਯਾਰੇ ਦੀ ਸੰਗਤ ਅੱਖ ਦੀ ਫੋਰ ਮਾਤ੍ਰ ਵਾ ਪਲ ਘੜੀ ਭਰ ਭੀ ਪ੍ਰਾਪਤ ਹੋ ਜਾਵੇ ॥੩੪੮॥


Flag Counter