ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 249


ਚਰਨ ਕਮਲ ਸਰਨਿ ਗੁਰ ਕੰਚਨ ਭਏ ਮਨੂਰ ਕੰਚਨ ਪਾਰਸ ਭਏ ਪਾਰਸ ਪਰਸ ਕੈ ।

ਗੁਰੂ ਮਹਾਰਾਜ ਦਿਆਂ ਚਰਣ ਕਮਲਾਂ ਦੀ ਸਰਨਿ ਵਿਚ ਆਯਾਂ ਮਨੂਰ ਵਾਕੂੰ ਅੰਦਰ ਦੇ ਜੰਗਾਲ ਖਾਧੇ ਵਾ ਵਿਕਾਰਾਂ ਕਰ ਕੇ ਮਲੀਨ ਮੈਲੇ ਮਨ ਵਾਲੇ ਊਣਤਾਈਆਂ ਭਰੇ ਚਿੱਤ ਸ੍ਵਰਣ ਵਤ ਤੇਜਸ੍ਵੀ ਸੁੱਧ ਭਾਵ ਦੀ ਪ੍ਰਾਪਤੀ ਵਾਲੇ ਉਤਮ ਪੁਰਖ ਬਣ ਜਾਂਦੇ ਹਨ ਤੇ ਉਹੀ ਉਤਮ ਪੁਰਖ ਸਤਿਗੁਰਾਂ ਦੇ ਉਪਦੇਸ਼ ਨੂੰ ਕਮਾ ਕੇ ਪਾਰਸ ਸਰੂਪ ਸਤਿਗੁਰਾਂ ਦੀ ਦ੍ਰਿਸ਼ਟੀ ਵਿਚ ਜਚਨ ਰੂਪ ਸਪਰਸ਼ ਨੂੰ ਪ੍ਰਾਪਤ ਹੋ, ਸ੍ਵਰਣ ਭਾਵੋਂ ਸਿੱਖੀ ਦੇ ਦਰਜਿਓਂ ਸਾਖ੍ਯਾਤ ਪਾਰਸ ਹੀ ਬਣਾ ਜਾਯਾ ਕਰਦੇ ਹਨ: ਅਰਥਾਤ ਗੁਰੂ ਮਹਾਰਾਜ ਦੀ ਕਲਾ ਨੂੰ ਅੰਦਰ ਲੈ ਕੇ ਉਪਦੇਸ਼ਟਾ ਸਰੂਪ ਹੋ ਵਰਤਦੇ ਹਨ।

ਬਾਇਸ ਭਏ ਹੈ ਹੰਸ ਹੰਸ ਤੇ ਪਰਮਹੰਸ ਚਰਨ ਕਮਲ ਚਰਨਾਮ੍ਰਤ ਸੁਰਸ ਕੈ ।

ਯਾ ਐਉਂ ਆਖੋ ਕਿ ਚਰਣ ਕਮਲਾਂ ਦੇ ਚਰਣਾਮ੍ਰਿਤ ਦੇ ਸ੍ਰੇਸ਼ਟ ਰਸ ਨੂੰ ਪਾਨ ਕਰ ਕੇ ਵਿਖ੍ਯ ਰੂਪ ਮਲ ਭੋਜੀ ਬਾਯਸ ਕਾਂ, ਹੰਸ, ਬਿਬੇਕੀ ਤੇ ਹੰਸ ਤੋਂ ਫੇਰ ਪਰਮ ਹੰਸ ਪਰਮ ਬਿਬੇਕੀ ਬਣ ਜਾਂਦੇ ਹਨ।

ਸੇਬਲ ਸਕਲ ਫਲ ਸਕਲ ਸੁਗੰਧ ਬਾਸੁ ਸੂਕਰੀ ਸੈ ਕਾਮਧੇਨ ਕਰੁਨਾ ਬਰਸ ਕੈ ।

ਅਥਵਾ ਸਤਿਗੁਰਾਂ ਦੀ ਕ੍ਰਿਪਾ ਦ੍ਵਾਰਾ ਵਰੋਸਾਣ ਕਰ ਕੇ ਸਿੰਬਲ ਸਰੂਪੀ ਦਿਖਾਵੇ ਦੇ ਸਮੂਹ ਪ੍ਰਪੰਚ ਭਾਵੋਂ ਫਲ ਦਾਰ ਵਰਤੋਂ ਵਾਲੀ ਧਾਰਣਾ ਸੰਪੰਨ ਜਿੰਦਗੀ ਵਾਲੇ ਅਤੇ ਬਾਸਨਾ ਗ੍ਰਸਤ ਵਾ ਹੰਕਾਰੀ ਸੁਭਾਵ ਵਾਨ ਵਾਂਸ ਪਣਿਓਂ ਉਹ ਨਿਰਅਭਿਮਾਨਤਾ ਵਾ ਨਿੰਮ੍ਰਤਾ ਰੂਪ ਸੁਗੰਧੀ ਸੰਪੰਨ ਬਣ ਜਾਂਦੇ ਹਨ, ਅਰੁ ਮਲ ਭੋਗੀ ਸਦੀਵ ਮਲੀਨ ਰਹਿਣ ਹਾਰੀ ਓਨਾਂ ਦੀ ਬੁਧੀ, ਕਾਮਧੇਨੁ ਦੂਸਰਿਆਂ ਦੇ ਕਾਰਜ ਸਾਧਨ ਹਾਰੀ ਪਰਉਪਕਾਰੀ ਬਣ ਜਾਇਆ ਕਰਦੀ ਹੈ।

ਸ੍ਰੀ ਗੁਰ ਚਰਨ ਰਜੁ ਮਹਿਮਾ ਅਗਾਧ ਬੋਧ ਲੋਗ ਬੇਦ ਗਿਆਨ ਕੋਟਿ ਬਿਸਮ ਨਮਸ ਕੈ ।੨੪੯।

ਤਾਤਪ੍ਰਜ ਕੀਹ ਕਿ ਸਤਿਗੁਰਾਂ ਦੇ ਚਰਣਾਂ ਦੀ ਧੂਲੀ ਦੀ ਮਹਿਮਾ ਦਾ ਬੋਧ ਅਗਾਧ ਅਥਾਹ ਹੈ। ਉਸ ਨੂੰ ਕ੍ਰੋੜਾਂ ਹੀ ਲੌਕਿਕ ਬੇਦਿਕ ਗਿਆਨ ਹਰਾਨ ਹੋ ਹੋ ਕੇ ਨਮਸਕਾਰਾਂ ਕਰਦੇ ਹਨ ॥੨੪੯॥


Flag Counter