ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 354


ਜੈਸੇ ਤਉ ਜਨਨੀ ਖਾਨ ਪਾਨ ਕਉ ਸੰਜਮੁ ਕਰੈ ਤਾ ਤੇ ਸੁਤ ਰਹੈ ਨਿਰਬਿਘਨ ਅਰੋਗ ਜੀ ।

ਜਿਸ ਤਰ੍ਹਾਂ ਮਾਤਾ ਖਾਣ ਪੀਣ ਆਦਿ ਵਲੋਂ ਪਰਹੇਜ਼ ਰੱਖਿਆ ਕਰਦੀ ਹੈ, ਤਾਂ ਓਸ ਤੋਂ ਪੁੱਤ੍ਰ (ਉਸ ਦਾ) ਵਿਘਨਾਂ ਤੋਂ ਰਹਿਤ ਖੁਲ੍ਹਾ ਡੁੱਲ੍ਹਾ ਜੀਓਂ ਰਹਿੰਦਾ ਹੈ।

ਜੈਸੇ ਰਾਜਨੀਤਿ ਰੀਤ ਚਕ੍ਰਵੈ ਚੇਤੰਨ ਰੂਪ ਤਾ ਤੇ ਨਿਹਚਿੰਤ ਨਿਰਭੈ ਬਸਤ ਲੋਗ ਜੀ ।

(ਐਸਾ ਹੀ) ਜਿਸ ਤਰ੍ਹਾਂ ਰਾਜਨੀਤੀ (ਰਾਜ ਧਰਮ) ਦੀ ਮ੍ਰਯਾਦਾ ਵਿਖੇ ਰਾਜਾ ਸਾਵਧਾਨ ਰਹਿੰਦਾ ਹੈ, ਤਾਂ ਪਰਜਾ ਦੇ ਲੋਗ ਅੰਦਰੋਂ ਨਿਰਭੈ ਤੇ ਨਿਸਚਿੰਤ ਹੋਏ (ਦੇਸ਼ ਵਿੱਚ) ਵਸਿਆ ਕਰਦੇ ਹਨ।

ਜੈਸੇ ਕਰੀਆ ਸਮੁੰਦ੍ਰ ਬੋਹਥ ਮੈ ਸਾਵਧਾਨ ਤਾ ਤੇ ਪਾਰਿ ਪਹੁਚਤ ਪਥਿਕ ਅਸੋਗ ਜੀ ।

ਇਞੇਂ ਹੀ ਜਿਸ ਭਾਂਤ ਕਰੀਆ ਮਲਾਹ ਸਮੁੰਦ੍ਰ ਅੰਦਰ ਬੋਹਿਥ ਜਹਾਜ ਵਿਖੇ ਸਵਾਧਾਨ ਸੁਚੇਤ ਰਹੇ ਤਾਂ ਇਸ ਤੋਂ ਪਾਂਧੀ ਲੋਕ ਪਿੱਛੋਂ ਆਨੰਦ ਪ੍ਰਸੰਨ ਰਹਿੰਦੇ ਪਾਰ ਜਾ ਪਹੁੰਚਿਆ ਕਰਦੇ ਹਨ।

ਤੈਸੇ ਗੁਰ ਪੂਰਨ ਬ੍ਰਹਮ ਗਿਆਨ ਧਿਆਨ ਲਿਵ ਤਾਂ ਤੇ ਨਿਰਦੋਖ ਸਿਖ ਨਿਜਪਦ ਜੋਗ ਜੀ ।੩੫੪।

ਇਸੇ ਤਰ੍ਹਾਂ ਪੂਰਨ ਬ੍ਰਹਮ ਸਰੂਪ ਗੁਰੂ ਬ੍ਰਹਮ ਦੇ ਗ੍ਯਾਨ ਨੂੰ ਪ੍ਰਾਪਤ ਹੋਏ ਓਸੇ ਧ੍ਯਾਨ ਵਿਖੇ ਲਿਵ ਲਗਾਈ ਰਖਦੇ ਹਨ ਤੇ ਇਸੇ ਕਰ ਕੇ ਹੀ ਸਿੱਖ ਭੀ ਓਸੇ ਢਾਲ ਦੀ ਚਾਲ ਧਾਰਣ ਕਰ ਕੇ ਜੀ ਜੀਵਨ ਭਰ ਹੀ ਨਿਜਪਦ ਆਤਮ ਪਦ ਪਰਮ ਪਦ ਵਿਖੇ ਜੋਗ ਜੁੜਿਆ ਰਹਿੰਦਾ ਹੈ ॥੩੫੪॥


Flag Counter