ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 501


ਜੈਸੇ ਤਉ ਪਲਾਸ ਪਤ੍ਰ ਨਾਗਬੇਲ ਮੇਲ ਭਏ ਪਹੁਚਤ ਕਰਿ ਨਰਪਤ ਜਗ ਜਾਨੀਐ ।

ਫੇਰ ਜਿਸ ਤਰ੍ਹਾਂ ਨਾਗਬੇਲ = ਪਾਨ ਜਦ ਪਲਾਸ ਪਤ੍ਰ ਛਿਛਰੇ ਦੇ ਪਤ੍ਰ ਦਾ ਮੇਲ ਪਾ ਲਵੇ ਤਾਂ ਰਾਜੇ ਦੇ ਹੱਥਾਂ ਵਿਚ ਜਾ ਪਹੁੰਚਦਾ ਹੈ ਇਹ ਗੱਲ ਸਾਰਾ ਜਹਾਨ ਹੀ ਜਾਣਦਾ ਹੈ।

ਜੈਸੇ ਤਉ ਕੁਚੀਲ ਨੀਲ ਬਰਨ ਬਰਨੁ ਬਿਖੈ ਹੀਰ ਚੀਰ ਸੰਗਿ ਨਿਰਦੋਖ ਉਨਮਾਨੀਐ ।

ਜਿਸ ਤਰ੍ਹਾਂ ਫੇਰ ਬਰਨ ਬਿਖੈ ਨੀਲ ਬਰਨ ਕੁਚੀਲ ਰੰਗਾਂ ਵਿਚੋਂ ਰੰਗ ਨੀਲ ਰੰਗ ਮੈਲਾ ਅਪਵਿਤ੍ਰ ਮੰਨਿਆ ਹੈ ਪਰ ਐਸਾ ਰੰਗਦਾਰ ਚੀਰ ਕਪੜਾ ਹੀਰੇ ਦੀ ਸੰਗਤ ਕਰ ਕੇ ਹੀਰਾ ਉਸ ਵਿਚ ਬੰਨ ਲਿਆ ਜਾਵੇ ਤਾਂ ਨਿਰਦੋਖ ਸ਼ੁੱਧ ਸਮਝੀਦਾ ਹੈ।

ਸਾਲਗ੍ਰਾਮ ਸੇਵਾ ਸਮੈ ਮਹਾ ਅਪਵਿਤ੍ਰ ਸੰਖ ਪਰਮ ਪਵਿਤ੍ਰ ਜਗ ਭੋਗ ਬਿਖੈ ਆਨੀਐ ।

ਜਿਸ ਤਰ੍ਹਾਂ ਸੰਖ ਮਹਾਂ ਅਪਵਿਤ੍ਰ ਹੁੰਦਾ ਹੈ ਕ੍ਯੋਂਕਿ ਇਹ ਕੀੜੇ ਦਾ ਘਰ, ਅਰੁ ਸੱਖਨਾ ਰਹਿਣ ਹਾਰਾ, ਤੇ ਰੋਣੀ ਅਵਾਜ ਕੱਢਣ ਵਾਲਾ ਹੈ ਪਰ ਠਾਕੁਰ ਪੂਜਾ ਸਮੇਂ ਪਰਮ ਪਵਿਤ੍ਰ ਮੰਨਿਆ ਹੈ ਕ੍ਯੋਂਕਿ ਯਗ੍ਯ ਪੂਜਾ ਆਦਿ ਸਮੇਂ ਅਧਿਕਾਰੀਆਂ ਨੂੰ ਸੱਦਣ ਵਾ ਯਗ੍ਯ ਪੂਜਾ ਆਦਿ ਦੀ ਨਿਰਵਿਘਨ ਸਮਾਪਤੀ ਦਾ ਸੰਦੇਸ਼ਾ ਦਿੰਦਾ ਹੈ; ਇਸੇ ਕਰ ਕੇ ਹੀ ਜਗ ਭੋਗ ਬ੍ਰਹਮ ਭੋਜ ਆਦਿਕਾਂ ਸਮੇਂ ਭੀ ਇਸ ਨੂੰ ਆਨੀਐ ਲ੍ਯਾਂਦਾ ਵਜਾਇਆ ਜਾਂਦਾ ਹੈ।

ਤੈਸੇ ਮਮ ਕਾਗ ਸਾਧਸੰਗਤਿ ਮਰਾਲ ਮਾਲ ਮਾਰ ਨ ਉਠਾਵਤ ਗਾਵਤ ਗੁਰਬਾਨੀਐ ।੫੦੧।

ਤਿਸੇ ਪ੍ਰਕਾਰ ਹੀ ਮੈਂ ਕਾਂ ਸਮਾਨ ਕ੍ਰੁਖਾ ਬੋਲਨ ਹਾਰਾ ਤੇ ਦੋਖ ਤੱਥੂ ਹਾਂ ਪਰ ਮਰਾਲ ਸਭਾ ਹੰਸ ਸਰੂਪ ਸਿੱਖਾਂ ਦੀ ਸਭਾ ਵਿਚ ਬੈਠ ਗਿਆ ਹਾਂ। ਮੈਨੂੰ ਮਾਰ ਕੇ ਇਸ ਵਾਸਤੇ ਨਹੀਂ ਉਠਾਂਦੇ, ਕਿ ਮੈਂ ਗੁਰਬਾਣੀ ਗਾਵਿਆ ਉਚਾਰਿਆ ਕਰਦਾ ਹਾਂ ॥੫੦੧॥


Flag Counter