ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 414


ਜੈਸੇ ਪ੍ਰਿਅ ਸੰਗਮ ਸੁਜਸੁ ਨਾਇਕਾ ਬਖਾਨੈ ਸੁਨਿ ਸੁਨਿ ਸਜਨੀ ਸਗਲ ਬਿਗਸਾਤ ਹੈ ।

ਜਿਸ ਤਰ੍ਹਾਂ ਨਾਇਕ ਇਸਤ੍ਰੀ ਅਪਣੇ ਪਿਆਰੇ ਪਤੀ ਦੇ ਮਿਲਾਪ ਦੀ ਸੋਭਾ ਵਰਨਣ ਕਰਦੀ ਹੈ; ਤਾਂ ਸਜਨੀ ਸਗਲ ਸਭ ਸਹੇਲੀਆਂ ਓਸ ਦੀਆਂ ਸੁਣ ਸੁਣ ਕੇ ਖਿੜਦੀਆਂ ਪ੍ਰਸੰਨ ਹੁੰਦੀਆਂ ਹਨ।

ਸਿਮਰਿ ਸਿਮਰਿ ਪ੍ਰਿਅ ਪ੍ਰੇਮ ਰਸ ਬਿਸਮ ਹੁਇ ਸੋਭਾ ਦੇਤ ਮੋਨਿ ਗਹੇ ਮਨ ਮੁਸਕਾਤ ਹੈ ।

ਅਤੇ ਜਦ ਪਿਆਰੇ ਪਤੀ ਦੇ ਪ੍ਰੇਮ ਰਸ ਹੁਲਾਸ ਭਰੇ ਕ੍ਰੀੜਾ ਬਿਲਾਸ ਦੇ ਸੁਆਦ ਨੂੰ ਚਿਤਾਰ ਚਿਤਾਰ ਕੇ ਮਗਨਤਾਮਈ ਹਰਾਨੀ ਵਿਚ ਹੋ ਕੇ ਚੁੱਪ ਧਾਰਨ ਕਰੀ ਰਖਦੀ ਤੇ ਮਨੇ ਮਨ ਖਿੜਦੀ ਹਸ੍ਯਾ ਕਰਦੀ ਹੈ; ਤਦ ਭੀ ਸ਼ੋਭਾ ਦਿਆ ਕਰਦੀ ਚੰਗੀ ਲਗਿਆ ਕਰਦੀ ਹੈ।

ਪੂਰਨ ਅਧਾਨ ਪਰਸੂਤ ਸਮੈ ਰੁਦਨ ਸੈ ਗੁਰਜਨ ਮੁਦਿਤ ਹੁਇ ਤਾਹੀ ਲਪਟਾਤ ਹੈ ।

ਅਧਾਨ ਗਰਭ ਹੋਣ ਦੇ ਪੂਰੇ ਦਿਨ ਹੋਣ ਤੇ ਜਦੋਂ ਪ੍ਰਸੂਤਾ ਹੋਣ ਦਾ ਸਮਾਂ ਢੁੱਕਿਆਂ ਰੋਂਦੀ ਹੈ ਤਾਂ ਓਸ ਦੇ ਰੋਣ ਤੋਂ ਭੀ ਗੁਰ ਜਨ ਵੱਡੇ ਵਡੇਰੇ ਘਰ ਦੇ ਵਡੇ ਮਾਈ ਭਾਈ ਲੋਗ ਮੁਦਿਤ ਪ੍ਰਸੰਨ ਹੋਇਆ ਕਰਦੇ ਹਨ ਭਾਵ ਓਸ ਦਾ ਰੋਣਾ ਭੀ ਸਭ ਨੂੰ ਚੰਗਾ ਲਗਿਆ ਕਰਦਾ ਹੈ ਤੇ ਉਹ ਪਤੀ ਦ੍ਵਾਰੇ ਐਡਾ ਕਸ਼ਟ ਮਿਲਣ ਨੂੰ ਭੁਲਾ ਕੇ ਮੁੜ ਤਿਸੇ ਨੂੰ ਹੀ ਲਪਟਦੀ ਪ੍ਯਾਰਿਆ ਕਰਦੀ ਹੈ।

ਤੈਸੇ ਗੁਰਮੁਖਿ ਪ੍ਰੇਮ ਭਗਤ ਪ੍ਰਗਾਸ ਜਾਸੁ ਬੋਲਤ ਬੈਰਾਗ ਮੋਨਿ ਸਬਹੁ ਸੁਹਾਤ ਹੈ ।੪੧੪।

ਤਿਸੀ ਪ੍ਰਕਾਰ ਹੀ ਜਿਸ ਗੁਰਮੁਖ ਦੇ ਅੰਦਰ ਓਸ ਅੰਤਰਯਾਮੀ ਦੇ ਪ੍ਰੇਮ ਵਾ ਭਗਤੀ ਭਜਨ ਅਥਵਾ ਭਗਤੀ ਭਜਨ ਦੇ ਪ੍ਰੇਮ ਦਾ ਪ੍ਰਗਾਸ ਭਜਨ ਕਰਨ ਦਾ ਚਮਤਕਾਰ ਹੋ ਔਂਦਾ ਹੈ ਉਸ ਦਾ ਬੋਲਨਾ ਬਚਨ ਬਿਲਾਸ ਕਰਨਾ ਵਾ ਵੈਰਾਗ ਉਪਦੇਸ਼ ਬਾਰਤਾ ਵੱਲੋਂ ਉਪ੍ਰਾਮ ਰਹਿਣ ਅਥਵਾ ਮੋਨ ਚੁੱਪ ਹੀ ਵੱਟੀ ਰਖਣਾ ਸਭਹੁ = ਸਾਰਾ ਕੁੱਛ ਹੀ ਸੋਹਣਾ ਪਿਅਰ ਲਗ੍ਯਾ ਕਰਦਾ ਹੈ ॥੪੧੪॥


Flag Counter