ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 246


ਜਤ ਸਤ ਸਿੰਘਾਸਨ ਸਹਜ ਸੰਤੋਖ ਮੰਤ੍ਰੀ ਧਰਮ ਧੀਰਜ ਧੁਜਾ ਅਬਿਚਲ ਰਾਜ ਹੈ ।

ਜਤ ਬ੍ਰਹਮਚਰਜ ਦ੍ਵਾਰੇ ਹੀ ਸਤ ਪਾਲਨ ਦਾ ਵਿਸ਼੍ਵਾਸ, ਅਥਵਾ, ਜਤ ਦੀ ਸਤ੍ਯ ਸਰੂਪੀ ਪ੍ਰਤਿਗ੍ਯਾ ਨਿਬਾਹਨੀ, ਇਹ ਓਨਾਂ ਦੀ ਇਸਥਿਤੀ ਦਾ ਸਥਾਨ ਰੂਪ ਸਿੰਘਾਸਨ ਹੁੰਦਾ ਹੈ। ਅਤੇ ਸੰਤੋਖ ਦਾ ਸੁਭਾਵ ਹੀ ਧਾਰ ਲੈਣਾ ਵਾ ਸਹਿਜੇ ਹੀ ਸੰਤੋਖ ਵਿਚ ਵਰਤਨਾ ਇਹ ਓਨਾਂ ਦਾ ਮੰਤ੍ਰੀ ਸਲਾਹਕਾਰ ਬਣ ਜਾਂਦਾ ਹੈ, ਧਰਮ ਨੂੰ ਧਾਰੇ ਰਖਣ ਵਿਚ ਧੀਰਜ ਨਾ ਤਿਆਗਣੀ ਇਹ ਓਨਾਂ ਦੇ ਦਿਬ੍ਯ ਰਾਜ ਦਾ ਨਿਸ਼ਾਨ ਧੁਜਾ ਹੁੰਦੀ ਹੈ, ਐਸਾ ਓਨਾਂ ਗੁਰਮੁਖਾਂ ਦਾ ਅਬਿਚਲ ਰਾਜ ਹੁੰਦੀ ਹੈ।

ਸਿਵ ਨਗਰੀ ਨਿਵਾਸ ਦਇਆ ਦੁਲਹਨੀ ਮਿਲੀ ਭਾਗ ਤਉ ਭੰਡਾਰੀ ਭਾਉ ਭੋਜਨ ਸਕਾਜ ਹੈ ।

ਸ਼ਿਵ ਸ਼ਕਤੀ ਦੇ ਵਾਸੇ ਦੀ ਠੌਰ ਸੁਖਮਣਾ ਦਾ ਘਾਟ ਵਾ ਸਹਿਜ ਸੁੰਨ ਅਸਥਾਨ ਆਨੰਦ ਦਾ ਮੰਡਲ ਜਿਥੇ ਸੁਭਾਵਕ ਹੀ ਪੁਰਖ ਅਫੁਰ ਹੋ ਕੇ ਬੋਧ ਨੂੰ ਪ੍ਰਾਪਤ ਹੋ ਜਾਂਦਾ ਹੈ, ਐਸੀ ਸ਼ਿਵ ਨਗਰੀ ਵਿਖੇ ਓਨਾਂ ਦਾ ਵਾਸਾ ਹੋ ਔਂਦਾ ਹੈ ਦਯਾ ਪੁਰਖ ਦੀ ਅਰਧੰਗੀ ਸਮਾਨ ਸਦਾ ਮਿਲੀ ਰਹਿਣ ਵਾਲੀ ਓਨਾਂ ਦੀ ਖ਼ਾਸਾ ਅੰਗ ਬਣੀ ਰਹਿੰਦੀ ਹੈ। ਤਉ ਉਪ੍ਰੰਤ ਭਾਗ ਪ੍ਰਾਰਬਧ ਕਰਮ ਓਨਾਂ ਦਾ ਭੰਡਾਰੀ ਖਜ਼ਾਨਚੀ ਤੋਸ਼ੇ ਖਾਨੀਆ ਅਤੇ ਭਾਉ ਪ੍ਰੇਮ ਪ੍ਰੀਤ ਉਸ ਦਾ ਭੋਜਨ ਸਕਾਜ ਸਕਾਰਥਾ ਹੁੰਦਾ ਹੈ।

ਅਰਥ ਬੀਚਾਰ ਪਰਮਾਰਥ ਕੈ ਰਾਜਨੀਤਿ ਛਤ੍ਰਪਤਿ ਛਿਮਾ ਛਤ੍ਰ ਛਾਇਆ ਛਬ ਛਾਬ ਹੈ ।

ਪਰਮਾਰਥ ਦੇ ਅਰਥ ਸਿਧਾਂਤ ਪ੍ਰਯੋਜਨ ਅਨੁਸਾਰ ਬੀਚਾਰ ਵਿਚਰਨਾ ਵਰਤਨਾ ਓਨਾਂ ਦੀ ਰਾਜਨੀਤੀ ਹੁੰਦੀ ਹੈ। ਐਸੇ ਉਹ ਛਤ੍ਰਪਤੀ ਮਹਾਰਾਜੇ ਛਿਮਾ ਸਹਾਰੇ ਦੇ ਛਤ੍ਰ ਦੀ ਸਾਇਆ ਹੇਠ ਛਬ ਸੋਭਾ ਕਰ ਕੇ ਛਾਜੇ ਸੋਭੇ ਹੋਏ ਸੁਭਾਯਮਾਨ ਹੋਯਾ ਕਰਦੇ ਹਨ।

ਆਨਦ ਸਮੂਹ ਸੁਖ ਸਾਂਤਿ ਪਰਜਾ ਪ੍ਰਸੰਨ ਜਗਮਗ ਜੋਤਿ ਅਨਹਦਿ ਧੁਨਿ ਬਾਜ ਹੈ ।੨੪੬।

ਸਮੂਹ ਸਰਬ ਠੌਰ ਜੜ੍ਹ ਜੰਗਮ ਵਿਖੇ ਆਨੰਦਰੂਪ ਰਮਿਆ ਹੋਣ ਦਾ ਨਿਸਚਾ, ਓਨਾਂ ਦਾ ਸੁਖ ਹੁੰਦਾ ਹੈ, ਅਰੁ ਸਰਣਾਗਤਾਂ ਸਿੱਖਾਂ ਸੇਵਕਾਂ ਨੂੰ ਪ੍ਰਸੰਨ ਰਖਦਾ ਵਾ ਓਨਾਂ ਵਿਚ ਪ੍ਰਸੰਨ ਰਹਿਣਾ, ਇਹ ਓਨਾਂ ਦੀ ਸ਼ਾਂਤੀ ਹੁੰਦੀ ਹੈ। ਇਹ ਰੱਬੀ ਪ੍ਰਕਾਸ ਦੀ ਜਗਮਗਾਹਟ ਓਨਾਂ ਦੇ ਘਰ ਜੋਤ ਜਗਿਆ ਕਰਦੀ ਭਾਵ ਆਰਤੀ ਹੋਇਆ ਕਰਦੀ ਹੈ, ਅਰੁ ਅਨਹਦ ਧੁਨੀ ਦਾ ਜੈ ਜੈ ਕਾਰ ਇਹ ਓਨਾਂ ਦੇ ਸਨਮੁਖ ਵਾਜੇ ਵਜਿਆ ਕਰਦੇ ਹਨ। ਐਸੇ ਪ੍ਰਤਾਪ ਸੰਯੁਕਤ ਉਹ ਸੱਚੇ ਮਹਾਰਾਜੇ ਹੋਇਆ ਕਰਦੇ ਹਨ ॥੨੪੬॥