ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 435


ਦ੍ਰੋਪਤੀ ਕੁਪੀਨ ਮਾਤ੍ਰ ਦਈ ਜਉ ਮੁਨੀਸਰਹਿ ਤਾ ਤੇ ਸਭਾ ਮਧਿ ਬਹਿਓ ਬਸਨ ਪ੍ਰਵਾਹ ਜੀ ।

ਜਉ ਜ੍ਯੋਂ ਕਰ ਕੇ ਜੀਕੂੰ ਮੁਨੀਆਂ ਦੇ ਈਸ਼੍ਵਰ ਮੁਨੀਰਾਜ ਦੁਰਬਾਸਾ ਜੀ ਨੂੰ ਇਕ ਕੁਪੀਨ ਮਾਤ੍ਰ ਲੀੜਾ ਪਾੜ ਕੇ ਦ੍ਰੋਪਤੀ ਨੇ ਨਦੀ ਦੇ ਪ੍ਰਵਾਹ ਵਿਚ ਓਸ ਦੀ ਕੁਪੀਨ ਰੁੜ੍ਹ ਜਾਣ ਕਾਰਣ ਨੰਗੇਜ ਕੱਜਣ ਲਈ ਦਿੱਤਾ ਤਾਂ ਉਸ ਲੀਰ ਮਾਤ੍ਰ ਓਸ ਦਾਨ ਤੋਂ ਸਭਾ ਅੰਦਰ ਦੁਰਜੋਧਨ ਦੇ ਉਸ ਨੂੰ ਨੰਗਿਆਂ ਕਰੌਣ ਸਮੇਂ; ਬਸਨ ਪ੍ਰਵਾਹ ਬਸਤ੍ਰਾਂ ਦਾ ਮਾਨੋਂ ਪ੍ਰਵਾਹ ਹੁੱਲੜ੍ਹ ਹੀ ਓਸ ਦੇ ਢੱਕੀ ਰਖਣ ਖਾਤ੍ਰ ਵਗ ਤੁਰਿਆ ਸੀ।

ਤਨਕ ਤੰਦੁਲ ਜਗਦੀਸਹਿ ਦਏ ਸੁਦਾਮਾ ਤਾਂ ਤੇ ਪਾਏ ਚਤਰ ਪਦਾਰਥ ਅਥਾਹ ਜੀ ।

ਸੁਦਾਮੇ ਭਗਤ ਨੇ 'ਜਗਦੀਸਹਿ' ਜਗਤ ਪ੍ਰਤਾਪੀ ਸ੍ਰੀ ਕ੍ਰਿਸ਼ਨ ਦੇਵ ਜੀ ਨੂੰ 'ਤਨਕ ਤੰਦੁਲ' ਥੋੜੇ ਮਾਤ੍ਰ ਮੁੱਠੀ ਭਰ ਚੌਲ ਦਿੱਤੇ ਸਨ; ਤੇ ਓਸੇ ਭੇਟ ਤੋਂ ਹੀ ਓਸ ਨੇ ਚਾਰੋਂ ਪਦਾਰਥ ਹੀ ਅਥਾਹ ਬੇਅੰਤ ਰੂਪ ਵਿਚ ਪਾ ਲਏ ਸਨ।

ਦੁਖਤ ਗਜਿੰਦ ਅਰਬਿੰਦ ਗਹਿ ਭੇਟ ਰਾਖੈ ਤਾ ਕੈ ਕਾਜੈ ਚਕ੍ਰਪਾਨਿ ਆਨਿ ਗ੍ਰਸੇ ਗ੍ਰਾਹ ਜੀ ।

ਗਜਿੰਦ ਐਰਾਵਤ ਹਾਥੀ ਨੇ ਨਦੀ ਤੋਂ ਪਾਣੀ ਪਣ ਲਗਿਆਂ ਗ੍ਰਾਹ = ਤੰਦੂਏ ਦ੍ਵਾਰੇ ਗ੍ਰਸਿਆ ਜਾ ਕੇ ਦੁਖੀ ਹੋਇਆਂ ਆਰਤ ਨਾਦ ਕਰਦਿਆਂ ਕੌਲ ਫੁਲ ਤੋੜ ਕੇ ਭਗਵਾਨ ਦੇ ਭੇਟਾ ਰਖੀ ਅਰਥਾਤ ਇਕ ਕੌਲ ਮਾਤ੍ਰ ਨੂੰ ਮਨ ਕਰ ਕੇ ਅਰਪਿਆ ਜਿਸ ਤੋਂ ਰੀਝ ਕੇ ਚਕ੍ਰਪਾਨਿ ਸੁਦਰਸ਼ਨ ਚਕ੍ਰ ਹੈ ਜਿਨਾਂ ਦੇ ਹੱਥ ਵਿਚ ਐਸੇ ਭਗਵਾਨ ਵਿਸਣੂ ਨੇ ਤਾਂ ਕੈ ਕਾਜੈ ਆਨਿ ਵੈਕੁੰਠ ਲੋਕ ਤੋਂ ਤਿਸ ਦੇ ਵਾਸਤੇ ਆ ਕੇ ਗ੍ਰਾਹ ਗ੍ਰਸੇ ਓਸ ਤੰਦੂਏ ਨੂੰ ਨਪੀੜ ਘੱਤਿਆ ਭਾਵ ਐਰਾਵਤ ਦੀ ਇਉਂ ਰਖ੍ਯਾ ਕਰ ਲਈ।

ਕਹਾਂ ਕੋਊ ਕਰੈ ਕਛੁ ਹੋਤ ਨ ਕਾਹੂ ਕੇ ਕੀਏ ਜਾ ਕੀ ਪ੍ਰਭ ਮਾਨਿ ਲੇਹਿ ਸਬੈ ਸੁਖ ਤਾਹਿ ਜੀ ।੪੩੫।

ਜਿਸ ਤੋਂ ਸਿੱਧ ਹੈ ਕਿ ਕਾਹੂ ਕੇ ਕੀਏ ਕਛੂ ਨ ਹੋਤ ਕਿਸੇ ਦੇ ਕੀਤਿਆਂ ਕੁਛ ਨਹੀਂ ਹੋ ਸਕਦਾ। ਇਸ ਲਈ ਕਿਸ ਵਾਸਤੇ ਕੋਈ ਕੁਛ ਕਰਦਾ ਫਿਰੇ ਇਥੇ ਤਾਂ ਜਾ ਕੀ ਜਿਸ ਕਿਸੇ ਦੀ ਵਾਹਗੁਰੂ ਮੰਨ ਲਵੇ, ਤਿਸ ਨੂੰ ਹੀ ਸਾਰੇ ਸੁਖ ਪ੍ਰਾਪਤ ਹੋਯਾ ਕਰਦੇ ਹਨ। ਤਾਂ ਤੇ ਉਹ ਉਹ ਕੁਛ ਹੀ ਕਰਨਾ ਚਾਹੀਏ ਜਿਸ ਵਿਖੇ ਵਾਹਗੁਰੂ ਦੀ ਪ੍ਰਸੰਨਤਾ ਹੋ ਸਕੇ ॥੪੩੫॥


Flag Counter