ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 330


ਜੈਸੇ ਨਿਰਮਲ ਦਰਪਨ ਮੈ ਨ ਚਿਤ੍ਰ ਕਛੂ ਸਕਲ ਚਰਿਤ੍ਰ ਚਿਤ੍ਰ ਦੇਖਤ ਦਿਖਾਵਈ ।

ਜਿਸ ਭਾਂਤ ਨਿਰਮਲ ਸਾਫ ਸ੍ਵੱਛ ਸ਼ੀਸ਼ੇ ਵਿਖੇ ਵਾਸਤਵ ਵਿਚ ਤਾਂ ਕੁਛ ਥੋੜਾ ਮਾਤ੍ਰ ਭੀ ਚਿਤ੍ਰ ਚਿਹਰੇ ਦਾ ਪ੍ਰਤਿਬਿੰਬ ਬੁੱਤ ਨਹੀਂ ਹੁੰਦਾ ਕਿੰਤੂ ਦੇਖਤ ਓਸ ਵਿਚੋਂ ਦੇਖ੍ਯਾਂ ਤੇ ਉਹ ਚਿਤ੍ਰ ਚਿਹਰੇ ਦੇ ਬੁੱਤ ਵਿਚਲੇ ਸਾਰੇ ਚਰਿਤ੍ਰ ਦੀ ਜ੍ਯੋਂ ਕੀ ਤ੍ਯੋਂ ਚੇਸ਼ਟਾ ਦਸ਼ਾ ਦਿਖਾਲ ਦਿੰਦਾ ਹੈ।

ਜੈਸੇ ਨਿਰਮਲ ਜਲ ਬਰਨ ਅਤੀਤ ਰੀਤ ਸਕਲ ਬਰਨ ਮਿਲਿ ਬਰਨ ਬਨਾਵਈ ।

ਜਿਸ ਤਰ੍ਹਾਂ ਸ੍ਵੱਛ ਜਲ ਦੀ ਰੀਤਿ ਸੁਭਾਵ ਵਾ ਚਾਲ ਬਰਨ ਅਤੀਤ ਰੰਗ ਤੋਂ ਰਹਿਤ ਹੁੰਦੀ ਹੈ, ਪ੍ਰੰਤੂ ਸਭ ਪ੍ਰਕਾਰ ਦਿਆਂ ਰੰਗਾਂ ਨੂੰ ਹੀ ਮਿਲ ਕੇ ਉਹ ਓਹੋ ਜੇਹੇ ਰੰਗ ਨੂੰ ਹੀ ਨਿਜ ਦਾ ਬਣਾ ਲਿਆ ਕਰਦਾ ਹੈ।

ਜੈਸੇ ਤਉ ਬਸੁੰਧਰਾ ਸੁਆਦ ਬਾਸਨਾ ਰਹਿਤ ਅਉਖਧੀ ਅਨੇਕ ਰਸ ਗੰਧ ਉਪਜਾਵਈ ।

ਜਿਸ ਭਾਂਤ ਫੇਰ ਬਸੁੰਧਰਾ ਧਰਤੀ ਵਿਖੇ ਨਾਤਾਂ ਕੋਈ ਸੁਆਦ ਹੀ ਤੇਨਾ ਹੀ ਕੋਈ ਸੁਗੰਧੀ ਹੁੰਦੀ ਹੈ ਪ੍ਰੰਤੂ ਸਮਾਂ ਸੰਜੋਗ ਪਾ ਕੇ ਬੀਆਂ ਦੇ ਸੁਭਾਵਾਂ ਅਨੁਸਾਰ ਨਾਨਾ ਭਾਂਤ ਦੀਆਂ ਅਉਖਧੀਆਂ ਬਨਸਪਤੀਆਂ ਤੇ ਅਨੇਕ ਪ੍ਰਕਾਰ ਦੇ ਓਨਾਂ ਦੇ ਰਸ ਤਥਾ ਗੰਧ = ਮਹਕਾਰਾਂ ਸੁਗੰਧੀਆਂ ਉਤਪੰਨ ਕਰ ਧਰਿਆ ਕਰਦੀ ਹੈ।

ਤੈਸੇ ਗੁਰਦੇਵ ਸੇਵ ਅਲਖ ਅਭੇਵ ਗਤਿ ਜੈਸੇ ਜੈਸੋ ਭਾਉ ਤੈਸੀ ਕਾਮਨਾ ਪੁਜਾਵਈ ।੩੩੦।

ਤਿਸੀ ਪ੍ਰਕਾਰ ਹੀ ਪ੍ਰਕਾਸ਼ ਸਰੂਪ ਸਤਿਗੁਰੂ ਅਲਖ ਸਰੂਪ ਨਾ ਲਖੇ ਜਾਣ ਵਾਲੇ ਹਨ, ਤੇ ਓਨਾਂ ਦੀ ਗਤਿ = ਮਿਤ ਮ੍ਰਯਾਦਾ ਦਾ ਮਰਮ ਭੀ ਨਹੀਂ ਪਾਯਾ ਜਾ ਸਕਦਾ, ਪ੍ਰੰਤੂ ਜੇਹੋ ਜੇਹੇ ਭਾਵ ਭੌਣੀ ਨੂੰ ਲੈ ਕੇ ਕੋਈ ਓਨ੍ਹਾਂ ਨੂੰ ਸੇਵੇ ਅਰਾਧੇ ਉਹ ਵੈਸੀ ਵੈਸੀ ਹੀ ਕਾਮਨਾ ਮੁਰਾਦ ਨੂੰ ਪੂਰਿਆਂ ਕਰ੍ਯਾ ਕਰਦੇ ਹਨ। ਭਾਵ ਜਿਹੜਾ ਕੋਈ ਪਿਤਾ ਮਾਤਾ ਵਤ ਸਮਝ ਕੇ ਪੂਜੇ ਓਸ ਦੀ ਓਕੂੰ ਹੀ ਕਾਮਨਾ ਪੁਗੌਂਦੇ ਹਨ, ਤੇ ਮ੍ਰਿਤਾਂ ਵੈਰੀਆਂ ਦੇ ਵੈਰੀ, ਅਤੇ ਸਤਿਗੁਰੂ ਰੂਪ ਤੇ ਗ੍ਯਾਨ ਪ੍ਰਦਾਤੇ ਹੁੰਦੇ ਹਨ ਅਰੁ ਪਾਰਬ੍ਰਹਮ ਸਰੂਪ ਜਾਣ ਕੇ ਅਰਾਧੇ ਹੋਏ ਅਪਣੇ ਨਿਜ ਰੂਪ ਵਿਚ ਸਮਾਵਣਹਾਰੇ ਹੋ ਫਲ੍ਯਾ ਕਰਦੇ ਹਨ ॥੩੩੦॥


Flag Counter