ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 671


ਜਾ ਕੈ ਏਕ ਫਨ ਪੈ ਧਰਨ ਹੈ ਸੋ ਧਰਨੀਧਰ ਤਾਂਹਿ ਗਿਰਧਰ ਕਹੈ ਕਉਨ ਬਡਿਆਈ ਹੈ ।

ਜਿਸ ਕਰਤਾਰ ਨੇ ਇਕ ਸ਼ੇਸ਼ ਨਾਗ ਦੇ ਫਨ ਉਤੇ ਧਰਤੀ ਰੱਖੀ ਹੋਈ ਹੈ; ਧਰਨੀਧਰ ਮਾਤ੍ਰ ਤਾਂ ਉਹ ਸ਼ੇਸ਼ਨਾਗ ਹੋਇਆ ਸੋ ਉਸ ਨੂੰ ਜੋ ਆਪ ਸਾਰੇ ਸੰਸਾਰ ਦਾ ਸਿਰਜਣਹਾਰ ਹੈ। ਗਿਰਧਰ ਬ੍ਰਿੰਦਾ ਬਨ ਦੇ ਨਿਕੇ ਜਿਹੇ ਪਹਾੜ ਦਾ ਚੁੱਕਣ ਵਾਲਾ ਆਖੀਏ ਤਾਂ ਕਿਹੜੀ ਵਡਿਆਈ ਹੈ?

ਜਾ ਕੋ ਏਕ ਬਾਵਰੋ ਕਹਾਵਤ ਹੈ ਬਿਸ੍ਵਨਾਥ ਤਾਹਿ ਬ੍ਰਿਜਨਾਥ ਕਹੇ ਕੌਨ ਅਧਿਕਾਈ ਹੈ ।

ਜਿਸ ਦਾ ਇਕ ਬਾਵਲਾ ਜਿਹਾ ਰਚਿਆ ਦੇਵਤਾ ਸ਼ਿਵ ਸੰਸਾਰ ਦਾ ਸੁਆਮੀ ਕਹਾਉਂਦਾ ਹੈ ਉਸ ਨੂੰ ਬ੍ਰਿਜਨਾਥ ਕਹਿਣ ਵਿਚ ਕੀ ਵਡਿਆਈ?

ਸਗਲ ਅਕਾਰ ਓਂਕਾਰ ਕੇ ਬਿਥਾਰੇ ਜਿਨ ਤਾਹਿ ਨੰਦ ਨੰਦ ਕਹੈ ਕਉਨ ਠਕੁਰਾਈ ਹੈ ।

ਜਿਸਨੇ ਸਾਰੇ ਆਕਾਰ ਅਰਥਾਤ ਰੂਪ ਇਕ ਆਪਣੇ ਓਅੰਕਾਰ ਤੋਂ ਫੈਲਾਏ ਹਨ; ਉਸ ਨੂੰ ਨੰਦ ਦਾ ਪੁੱਤਰ ਕਹੀਏ ਤਾਂ ਉਸ ਦੀ ਕਿਹੜੀ ਵਡਿਆਈ ਹੈ?

ਉਸਤਤਿ ਜਾਨਿ ਨਿੰਦਾ ਕਰਤ ਅਗ੍ਯਾਨ ਅੰਧ ਐਸੇ ਹੀ ਅਰਾਧਨ ਤੇ ਮੋਨ ਸੁਖਦਾਈ ਹੈ ।੬੭੧।

ਇਸ ਤਰ੍ਹਾਂ ਅਗਿਆਨ ਵਿਚ ਅੰਨ੍ਹੇ ਲੋਕ ਉਸਤਤ ਸਮਝ ਕੇ ਨਿੰਦਾ ਕਰੀ ਜਾਂਦੇਹਨ; ਸਾਡੇ ਭਾਣੇ ਤਾਂ ਐਸੇ ਅਰਾਧਣ ਨਾਲੋਂ ਚੁੱਪ ਹੀ ਭਲੀ ਹੈ ॥੬੭੧॥