ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 108


ਸਬਦ ਸੁਰਤਿ ਆਪਾ ਖੋਇ ਗੁਰਦਾਸੁ ਹੋਇ ਸਰਬ ਮੈ ਪੂਰਨ ਬ੍ਰਹਮੁ ਕਰਿ ਮਾਨੀਐ ।

ਸ਼ਬਦ ਵਿਖੇ ਸੁਰਤਿ ਨੂੰ ਜੋੜ ਕੇ ਆਪਾ ਖੋ ਕੇ ਗੁਰੂ ਕਾ ਦਾਸ ਬਣੀਦਾ ਹੈ, ਜਿਸ ਦਾਸਾਭਾਵ ਕਾਰਣ ਸਰਬ ਵਿਖੇ ਪੂਰਨ ਬ੍ਰਹਮ ਹੀ ਮਨਨ ਕਰੀਦਾ ਹੈ। ਅਥਵਾ ਸਰਬ ਮਈ ਪੂਰਨ ਬ੍ਰਹਮ ਦਾ ਹੀ ਗਿਆਨ ਮਈ ਨਿਸਚਾ ਹੋ ਔਂਦਾ ਹੈ।

ਕਾਸਟ ਅਗਨਿ ਮਾਲਾ ਸੂਤ੍ਰ ਗੋਰਸ ਗੋਬੰਸ ਏਕ ਅਉ ਅਨੇਕ ਕੋ ਬਿਬੇਕ ਪਹਚਾਨੀਐ ।

ਅਰਥਾਤ ਜਿਸ ਤਰ੍ਹਾਂ ਸਮੂਹ ਕਾਠ ਵਿਖੇ ਇਕ ਮਾਤ੍ਰ ਅਗਨੀ ਰਮੀ ਹੋਈ ਹੈ, ਤੇ ਮਾਲਾ ਦਾਣਿਆਂ ਵਿਖੇ ਸੂਤ੍ਰ ਤਾਗੇ ਦੀ ਇਕੋ ਤਾਰ ਅਤੇ ਗੋਬੰਸ ਨਾਨਾ ਰੰਗਾਂ ਦੀਆਂ ਜਾਤੀਆਂ ਵਾਲੀਆਂ ਗਊਆਂ ਵਿਖੇ ਇਕੋ ਹੀ ਰੰਗ ਰੂਪ ਤੇ ਸ੍ਵਾਦ ਵਾਲਾ ਗੋਰਸ ਦੁੱਧ ਹੁੰਦਾ ਹੈ ਇਸੇ ਤਰ੍ਹਾਂ ਸਮੂਹ ਪ੍ਰਾਣੀਆਂ ਵਿਖੇ ਇਕੋ ਹੀ ਅਨੇਕ ਰੂਪ ਹੋ ਭਾਸ ਰਹੇ ਦੇ ਬਿਬੇਕ ਬੀਚਾਰ ਦੀ ਪਹਿਚਾਨ ਪਛਾਣ ਹੋ ਔਂਦੀ ਹੈ।

ਲੋਚਨ ਸ੍ਰਵਨ ਮੁਖ ਨਾਸਕਾ ਅਨੇਕ ਸੋਤ੍ਰ ਦੇਖੈ ਸੁਨੈ ਬੋਲੈ ਮਨ ਮੈਕ ਉਰ ਆਨੀਐ ।

ਨੇਤ੍ਰਾਂ, ਕੰਨਾਂ, ਮੁਖ ਰਸਨਾ ਨਾਸਾਂ ਆਦਿ ਅਨੇਕਾਂ ਸ੍ਰੋਤਰਾਂ ਇੰਦ੍ਰੇ ਦੁਆਰਿਆਂ ਵਿਖੇ ਜਿਹੜਾ ਦੇਖਦਾ ਸੁਣਦਾ, ਬੋਲਦਾ ਵਾ ਰਸ ਆਦਿ ਲੈ ਰਿਹਾ ਹੈ, ਓਹੋ ਹੀ ਮਨ ਵਿਚ ਭੀ ਮੇਕ ਮਿਲਿਆ ਹੋਯਾ ਸੰਪੂਰਣ ਸੰਕਲਪਾਂ ਵਿਕਲਪਾਂ ਦਾ ਆਸਰਾ ਸਰੂਪ ਇਕ ਚੈਤੰਨ ਤੱਤ ਮਾਤ੍ਰ ਹੀ ਉਰ ਆਨੀਐ ਰਿਦੇ ਅੰਦਰ ਲਿਆਈਦਾ ਅਨੁਭਵ ਹੁੰਦਾ ਹੈ।

ਗੁਰ ਸਿਖ ਸੰਧ ਮਿਲੇ ਸੋਹੰ ਸੋਹੀ ਓਤਿ ਪੋਤਿ ਜੋਤੀ ਜੋਤਿ ਮਿਲਤ ਜੋਤੀ ਸਰੂਪ ਜਾਨੀਐ ।੧੦੮।

ਸਿਧਾਂਤ ਕੀਹ ਕਿ ਗੁਰ ਸਿੱਖ ਸੰਧੀ ਦੇ ਮਿਲਿਆਂ ਸੋਹੰ ਸੋਈ ਸੋ ਉਹ ਹੰ ਮੈਂ ਤੇ ਸੋ ਉਹੀ ਈ ਇਹ ਜਗਤ ਇਉਂ ਜੀਵ ਜਗਤ ਅਰੁ ਬ੍ਰਹਮ ਤਾਣੇ ਪੇਟੇ ਅਰੁ ਕਪੜੇ ਵਿਖੇ ਇਕ ਸੂਤਰ ਮਾਤ੍ਰ ਹੀ ਓਤ ਪੋਤ ਰਮੇ ਹੋਣ ਵਤ ਜੋਤੀ ਸਰੂਪ ਪਰਮਾਤਮਾ ਵਿਖੇ ਜੋਤਿ ਦੇ ਮਿਲਿਆਂ, ਕੇਵਲ ਜੋਤੀ ਸਰੂਪ ਹੀ ਜੋਤੀ ਸਰੂਪਾ ਜਾਨਣ ਵਿਚ ਆਯਾ ਕਰਦਾ ਹੈ ॥੧੦੮॥