ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 530


ਜੈਸੇ ਅਹਿਨਿਸਿ ਮਦਿ ਰਹਤ ਭਾਂਜਨ ਬਿਖੈ ਜਾਨਤ ਨ ਮਰਮੁ ਕਿਧਉ ਕਵਨ ਪ੍ਰਕਾਰੀ ਹੈ ।

ਜਿਸ ਤਰ੍ਹਾਂ ਦਿਨ ਰਾਤ ਬਰਤਨ ਗਿਲਨ ਸੁਰਾਹੀ ਬੋਤਲ ਆਦਿ ਵਿਚ ਮਦਿਰਾ ਪਈ ਰਹਿੰਦੀ ਹੈ, ਪਰ ਬਰਤਨ ਨੂੰ ਇਸ ਗੱਲ ਦੀ ਕੋਈ ਸੂਝ ਨਹੀਂ ਹੋਇਆ ਕਰਦੀ ਕਿ ਇਹ ਕੀਹ ਕੁਛ ਹੈ ਤੇ ਕਿਸ ਭਾਂਤ ਦੀ ਵਸਤੂ।

ਜੈਸੇ ਬੇਲੀ ਭਰਿ ਭਰਿ ਬਾਂਟਿ ਦੀਜੀਅਤ ਸਭਾ ਪਾਵਤ ਨ ਭੇਦੁ ਕਛੁ ਬਿਧਿ ਨ ਬੀਚਾਰੀ ਹੈ ।

ਜਿਸ ਤਰ੍ਹਾਂ ਫੇਰ ਪ੍ਯਾਲੀ ਭਰ ਭਰ ਕੇ ਮਜਲਸ ਅੰਦਰ ਵਰਤਾ ਦੇਈਦੀ ਹੈ, ਤੇ ਉਹ ਪ੍ਯਾਲੀ ਭੀ ਕੁਛ ਮਰਮ ਨਹੀਂ ਪਾ ਸਕਦੀ ਕ੍ਯੋਂਕਿ ਓਸ ਨੇ ਭੀ ਕੋਈ ਬਿਧਿ ਇਸ ਦੇ ਚੱਜ ਆਦਿ ਪ੍ਰਭਾਵ ਦਾ ਵੀਚਾਰ ਨਹੀਂ ਕੀਤਾ ਹੁੰਦਾ।

ਜੈਸੇ ਦਿਨਪ੍ਰਤਿ ਮਦੁ ਬੇਚਤ ਕਲਾਲ ਬੈਠੇ ਮਹਿਮਾ ਨ ਜਾਨਈ ਦਰਬ ਹਿਤਕਾਰੀ ਹੈ ।

ਜਿਸ ਤਰ੍ਹਾਂ ਸਾਰਾ ਦਿਨ ਰੋਜ਼ ਹੀ ਬੈਠਾ ਕਲਾਲ ਠੇਕੇਦਾਰ ਸ਼ਰਾਬ ਨੂੰ ਵੇਚਦਾ ਰਹਿੰਦਾ ਹੈ, ਪਰ ਮਹਿਮਾ ਇਹ ਭੀ ਨਹੀਂ ਜਾਣਦਾ, ਕ੍ਯੋਂਕਿ ਇਹ ਧਨ ਦਾ ਹਿਤਕਾਰੀ ਲੋਭੀ ਪ੍ਯਾਰਾ ਹੁੰਦਾ ਹੈ।

ਤੈਸੇ ਗੁਰ ਸਬਦ ਕੇ ਲਿਖਿ ਪੜਿ ਗਾਵਤ ਹੈ ਬਿਰਲੋ ਅੰਮ੍ਰਿਤ ਰਸੁ ਪਦੁ ਅਧਿਕਾਰੀ ਹੈ ।੫੩੦।

ਤਿਸੀ ਪ੍ਰਕਾਰ ਹੀ ਗੁਰ ਸਬਦ ਗੁਰਬਾਣੀ ਨੂੰ ਲਿਖਦੇ ਪੜ੍ਹਦੇ ਅਤੇ ਗੌਂਦਿਆਂ ਹੋਇਆਂ ਭੀ ਕੋਈ ਵਿਰਲੇ ਹੀ ਇਸ ਦੇ ਅੰਮ੍ਰਿਤ ਮਈ ਸ੍ਵਾਦ ਅਨੁਭਵ ਵਾਲੀ ਪਦਵੀ ਦੇ ਅਧਿਕਾਰੀ ਹੁੰਦੇ ਹਨ ॥੫੩੦॥


Flag Counter