ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 378


ਜੈਸੇ ਮਾਤਾ ਪਿਤਾ ਨ ਬੀਚਾਰਤ ਬਿਕਾਰ ਸੁਤ ਪੋਖਤ ਸਪ੍ਰੇਮ ਬਿਹਸਤ ਬਿਹਸਾਇ ਕੈ ।

ਜਿਸ ਤਰ੍ਹਾਂ ਮਾਤਾ ਪਿਤਾ ਪੁਤ੍ਰ ਦੇ ਬਿਗਾੜ ਔਗੁਣ ਨੂੰ ਧ੍ਯਾਨ ਵਿਚ ਨਹੀਂ ਲਿਆਯਾ ਕਰਦੇ; ਸਗੋਂ ਹੱਸ ਹਸਾਕੇ ਪ੍ਰੇਮ ਸਹਤ ਓਸ ਨੂੰ ਪ੍ਰਸੰਨ ਕਰ ਕੇ ਪਾਲਿਆ ਲਡਾਯਾ ਕਰਦੇ ਹਨ।

ਜੈਸੇ ਬ੍ਰਿਥਾਵੰਤ ਜੰਤ ਬੈਦਹਿ ਬ੍ਰਿਤਾਂਤ ਕਹੈ ਪਰਖ ਪਰੀਖਾ ਉਪਚਾਰਤ ਰਸਾਇ ਕੈ ।

ਜਿਸ ਭਾਂਤ ਬ੍ਰਿਥਾਵੰਤ ਪੀੜਾਵਾਨ ਰੋਗੀ ਆਦਮੀ ਬੈਦ ਹਕੀਮ ਤਾਈਂ ਆਪਣੀ ਵਿਥ੍ਯਾ ਸੁਣੌਂਦਾ ਹੈ ਤੇ ਉਹ ਅਗੋਂ ਰੋਗ ਦੀ ਪਰੀਖ੍ਯਾ ਪੜਤਾਲ ਦ੍ਵਾਰੇ ਪਰਖ ਪਛਾਣ ਕਰ ਰਸਾਇ ਕੈ ਉਪਚਾਰਤ ਓਸ ਦੇ ਦਿਲ ਨੂੰ ਲੁਭਾ ਕੇ = ਔਖਧੀ ਖਾਣ ਦੀ ਰੁਚੀ ਉਪਜਾ ਕੇ ਇਲਾਜ ਕਰ੍ਯਾ ਕਰਦਾ ਹੈ।

ਚਟੀਆ ਅਨੇਕ ਜੈਸੇ ਏਕ ਚਟਿਸਾਰ ਬਿਖੈ ਬਿਦਿਆਵੰਤ ਕਰੈ ਪਾਧਾ ਪ੍ਰੀਤਿ ਸੈ ਪੜਾਇ ਕੈ ।

ਜਿਸ ਪ੍ਰਕਾਰ ਅਨੇਕਾਂ ਹੀ ਚਾਟੜੇ ਵਿਦ੍ਯਾਰਥੀ ਇਕ ਚਟਸਾਲਾ, ਪਾਠਸ਼ਾਲਾ = ਸਕੂਲ ਵਿਚ ਹੁੰਦੇ ਹਨ, ਤੇ ਪਾਂਧਾ ਓਨ੍ਹਾਂ ਨੂੰ ਪ੍ਯਾਰ ਨਾਲ ਪੜ੍ਹਾ ਪੜ੍ਹਾ ਕੇ ਵਿਦ੍ਵਾਨ ਬਣਾ ਦਿੱਤਾ ਕਰਦਾ ਹੈ।

ਤੈਸੇ ਗੁਰਸਿਖਨ ਕੈ ਅਉਗੁਨ ਅਵਗਿਆ ਮੇਟੈ ਬ੍ਰਹਮ ਬਿਬੇਕ ਸੈ ਸਹਜ ਸਮਝਾਇ ਕੈ ।੩੭੮।

ਤਿਸੀ ਪ੍ਰਕਾਰ ਹੀ ਗੁਰੂ ਬ੍ਰਹਮ ਬਿਬੇਕ ਬ੍ਰਹਮ ਗ੍ਯਾਨ = ਬ੍ਰਹਮ ਬੀਚਾਰ ਦ੍ਵਾਰੇ ਸਹਜ ਪਦ ਨੂੰ ਸਮਝਾ ਸਮਝਾ ਕੇ ਵਾ ਸਹਜੇ ਹੀ ਸਮਝਾਇ ਕੇ ਸਿੱਖਾਂ ਦੇ ਔਗੁਣਾਂ ਤੇ ਅਗ੍ਯਾਨ ਨੂੰ ਮੇਟ ਦਿਆ ਕਰਦੇ ਹਨ ॥੩੭੮॥