ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 93


ਸਰਿਤਾ ਸਰੋਵਰ ਸਲਿਲ ਮਿਲ ਏਕ ਭਏ ਏਕ ਮੈ ਅਨੇਕ ਹੋਤ ਕੈਸੇ ਨਿਰਵਾਰੋ ਜੀ ।

ਸਰਿਤਾ ਨਦੀ ਤੇ ਸਰੋਵਰ ਸਮੁੰਦਰ ਤਲਾ ਦਾ ਜਲ ਮਿਲ ਕੇ ਏਕ ਭਏ ਇੱਕ ਹੋ ਗਿਆਂ ਏਕ ਸੈ ਨਿਰਵਾਰੋ ਅਨੇਕ ਕੈਸੇ ਹੋਤ ਇੱਕ ਤੋਂ ਏਕਤਾਈ ਵਿਚੋਂ ਨ੍ਯਾਰਾ ਨ੍ਯਾਰਾ ਕਰ ਕੇ ਮੁੜ ਅਨੇਕ ਕਿਸ ਤਰ੍ਹਾਂ ਹੋ ਸਕਦਾ ਹੈ ਜੀ ਹੇ ਭਾਈ ਜਨੋਂ! ਅਥਵਾ: ਨਿਰਵਾਰੋ ਜੀ ਦਿਲ ਰਿਦੇ ਅੰਦਰ ਨਿਬੇੜਾ ਕਰ ਕੇ ਤੱਕੋ। ਭਾਵ ਵਾਹਿਗੁਰੂ ਅੰਤਰਯਾਮੀ ਸਤਿਗੁਰੂ ਵਿਖੇ ਮਿਲਿਆਂ ਜੀਵ ਭੀ ਮੁੜ ਕੁਛ ਹੋਰ ਨਹੀਂ ਬਣ ਸਕਦਾ।

ਪਾਨ ਚੂਨਾ ਕਾਥਾ ਸੁਪਾਰੀ ਖਾਏ ਸੁਰੰਗ ਭਏ ਬਹੁਰਿ ਨ ਚਤੁਰ ਬਰਨ ਬਿਸਥਾਰੋ ਜੀ ।

ਐਸਾ ਹੀ ਪਾਨ ਚੂਨਾ ਕਥ, ਸੁਪਾਰੀ ਇਨਾਂ ਚੌਹਾਂ ਨੂੰ ਇਕੱਠਿਆਂ ਕਰ ਕੇ ਚਬਾਈਏ ਤਾਂ ਸੁਰੰਗ ਭਏ ਗੂੜਾ ਲਾਲ ਰੰਗ ਪ੍ਰਗਟ ਹੋ ਔਂਦਾ ਹੈ ਪਰ ਜੇਕਰ ਬਹੁਰ ਮੁੜ ਫਿਰ ਕੇ ਓਨਾਂ ਦਾ ਵਿਸਥਾਰ ਵੱਖੋ ਵੱਖ ਪਸਾਰਾ ਜੀ ਦਿਲ ਅੰਦਰ ਲੋਚੀਏ ਤਾਂ ਉਹ ਚੁਤਰ ਬਰਨ ਨ ਕਦੀ ਚਾਰ ਰੰਗ ਨਹੀਂ ਹੋ ਸਕਦੇ ਇਞੇਂ ਹੀ ਸਤਿਗੁਰੂ ਦੇ ਘਰ ਆਏ ਬ੍ਰਾਹਮਣ ਖ੍ਯਤ੍ਰੀ ਵੈਸ਼੍ਯ ਅਰੁ ਸ਼ੂਦਰ ਗੁਰ ਸਿੱਖੀ ਭਾਵ ਨੂੰ ਪ੍ਰਾਪਤ ਹੋ ਗੁਰਾਂ ਨੂੰ ਮਿਲ ਕੇ ਕਦੀ ਚਾਰ ਬਰਣੀਏ ਨਹੀਂ ਬਣ ਸਕਦੇ।

ਪਾਰਸ ਪਰਤਿ ਹੋਤ ਕਨਿਕ ਅਨਿਕ ਧਾਤ ਕਨਿਕ ਮੈ ਅਨਿਕ ਨ ਹੋਤ ਗੋਤਾਚਾਰੋ ਜੀ ।

ਅਨਿਕ ਧਾਤ ਪਾਰਸ ਪਰਸ ਕਨਿਕ ਹੋਤ ਲੋਹਾ ਤਾਂਬਾ ਆਦਿ ਅੱਠੇ ਧਾਤਾਂ ਅਥਵਾ ਆਪੋ ਵਿਚ ਇਕ ਦੂਈ ਨਾਲ ਮਿਲ ਕੇ ਬਣੀਆਂ ਅਨੇਕ ਧਾਤਾਂ ਜੀਕੂੰ ਪਾਰਸ ਨੂੰ ਪਰਸ ਛੋਹ ਕੇ ਸੋਨਾ ਬਣ ਜਾਂਦੀਆਂ ਹਨ ਪਰ ਜੇਕਰ ਮੁੜ ਜੀ ਚਿੱਤ ਕਰੇ ਕਿ ਸੋਨੇ ਤੋਂ ਓਨ੍ਹਾਂ ਨੂੰ ਓਹੋ ਓਹੋ ਕੁਝ ਹੀ ਵੱਖੋ ਵੱਖ ਅਨੇਕ ਰੂਪ ਬਣਾ ਲਈਏ ਤਾਂ ਗੋਤਾਚਾਰ ਓਨਾਂ ਦੀ ਨ੍ਯਾਰੀ ਨ੍ਯਾਰੀ ਜਾਤ ਨਹੀਂ ਕਰ ਸਕੀਦੀ। ਇਸੇ ਪ੍ਰਕਾਰ ਹੀ ਵਰਣ ਆਸ਼੍ਰਮ ਧਾਰੀ ਸਤਿਗੁਰੂ ਦਾ ਸਿੱਖ ਬਣ ਚੁੱਕਨ ਤੇ ਉਹ ਆਦਮੀ ਮੁੜ ਕਿਸੇ ਪ੍ਰਕਾਰ ਵਰਨ ਆਸ਼ਰਮ ਵਾਨ ਨਹੀਂ ਬਣ ਸਕ੍ਯਾ ਕਰਦਾ।

ਚੰਦਨ ਸੁਬਾਸੁ ਕੈ ਸੁਬਾਸਨਾ ਬਨਾਸਪਤੀ ਭਗਤ ਜਗਤ ਪਤਿ ਬਿਸਮ ਬੀਚਾਰੋ ਜੀ ।੯੩।

ਚੰਨਣ ਦੀ ਸੁਬਾਸਨਾ ਸੁਗੰਧੀ ਪ੍ਰਾਪਤ ਬਨਾਸਪਤ ਵਿਚੋਂ ਓਸ ਨੂੰ ਦੂਰ ਨਹੀਂ ਕਰ ਸਕੀਦਾ, ਬਸ ਤੀਕੂੰ ਦਾ ਹਾਲ ਹੀ ਭਗਤ ਗੁਰੂ ਅੰਤਰਯਾਮੀ ਦੇ ਪ੍ਰੇਮੀ ਅਰੁ ਜਗਤਪਤਿ ਜਗਤ ਦੇ ਸੁਆਮੀ ਦੇ ਮਿਲਾਪ ਦੇ ਬਿਸਮ ਅਸਚਰਜ ਕਾਰੀ ਵਿਚਾਰ ਨੂੰ ਜੀ ਰਿਦੇ ਅੰਦਰ ਤੱਕ ਲਵੋ ॥੯੩॥


Flag Counter