ਗੜੇ ਵਰ੍ਹਨ ਤੇ ਬਿਜਲੀਆਂ ਕੜਕਨ, ਅਰੁ ਬਯਾਰਿ ਪੌਣ ਦੇ ਝੱਖੜ ਝੁਲਣ; ਸਮੁੰਦ੍ਰ ਦੇ ਕੱਪਰ ਪਰ ਕੱਪਰ ਛੱਲਾਂ ਮਾਣ ਤਥਾ ਬਨ ਦਾਵਾ ਅਗਨੀ ਨਾਲ ਸੜ ਸੜ ਸੁਆਹ ਹੁੰਦੇ ਹੋਣ।
ਭੁਚਾਲਾਂ ਦੀ ਭਰਮਾਰ ਵਰਤੇ; ਹੁੱਲੜਾਂ ਦੇ ਹੁੱਲੜ ਪਏ ਭੁਚਾਲ ਔਣ ਅਤੇ ਅੰਦਰ ਦੀ ਪੀੜਾ ਗਦੋਂ ਧਾਣੇ ਆਦ ਫੋੜੇ ਯਾ ਐਸਾ ਹੀ ਅੰਦਰੇ ਅੰਦਰ ਚਰ ਜਾਣ ਵਾਲੇ ਕੋਈ ਜਹਮਤੀ ਰੋਗ ਦਾ ਬਲ ਸਰੀਰ ਉਪਰ ਧਾ ਜਾਵੇ ਤਥਾ; ਬੰਦੀਖਾਨੇ ਜਿਹਲਖਾਨੇ ਅੰਦਰ ਦੀਆਂ ਸਾਸਨਾ ਤਾੜਨਾਂ ਦੇ ਸੰਕਟਾਂ ਵਿਚ ਦਿਨ ਰਾਤ ਫੱਬਾ ਹੋਵੇ।
ਅਪਦਾ ਔਕੜਾਂ ਨੇ ਸਭਨੀਂ ਪਾਸੀਂ ਦਬਾ ਰਖ੍ਯਾ ਹੋਵੇ ਤੇ ਦੂਖਨਾ ਉੂਜਾਂ ਝੂਠੇ ਇਲਜਾਮਾਂ ਨੇ ਦੀਨ ਆਤੁਰਾਂ ਸਮਾਨ ਦਸ਼ਾ ਬਣਾ ਛਡੀ ਹੋਵੇ ਤਥਾ ਦਰਿਦ੍ਰ ਗ੍ਰੀਬੀ ਕਾਰਣ ਸਭ ਕੋਈ ਛਿਦ੍ਰ ਔਗੁਣ ਫੜ ਰਿਹਾ ਹੋਵੇ ਅਤੇ ਰਿਨ ਕਰਜੇ ਦੇ ਕਾਰਣ ਉਦਾਸ ਹੋਯਾਂ ਐਧਰ ਉਧਰ ਭਟਕ ਰਿਹਾ ਹੋਵੇ ਤੇ ਦਾਸਨਿ ਗੁਲਾਮੀ ਭੀ ਵਰਤੀ ਪਈ ਹੋਵੇ ਅਰੁ ਨੰਗਾ ਮੁਨੰਗਾ।
ਇਸੇ ਪ੍ਰਕਾਰ ਹੀ ਸ੍ਰਿਸ਼ਟੀ ਭਰ ਦੇ ਹੀ ਹੋਰ ਭੀ ਅਦ੍ਰਿਸ਼ਟ ਅਣਡਿੱਠੀਆਂ ਗੱਲਾਂ ਅਲੋਕਾਰ ਦੁਰਭਾਗ ਆਣ ਵਰਤਣ ਤਾਂ ਭੀ ਜਗਤ ਵਿਖੇ ਭਗਤਾਂ ਗੁਰ ਸਿੱਖਾਂ ਦੇ ਵਾਲ ਨੂੰ ਭੀ ਨਹੀਂ ਵਿੰਗਾ ਕਰ ਸਕਦੇ ॥੪੦੩॥