ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 356


ਜੈਸੇ ਕਰ ਗਹਤ ਸਰਪ ਸੁਤ ਪੇਖਿ ਮਾਤਾ ਕਹੈ ਨ ਪੁਕਾਰ ਫੁਸਲਾਇ ਉਰ ਮੰਡ ਹੈ ।

ਜਿਸ ਤਰ੍ਹਾਂ ਮਾਤਾ ਪੁਤ੍ਰ ਨੂੰ ਸੱਪ ਹੱਥ ਵਿਚ ਫੜਦਿਆਂ ਤੱਕ ਕੇ ਲਲਕਾਰਾ ਮਾਰਦੀ ਹੋਈ ਓਸ ਨੂੰ ਕੁਛ ਨਹੀਂ ਕਹਿੰਦੀ ਹੋੜਦੀ, ਅਤੇ ਝਾਸਾ ਦਿਲਾਸਾ ਦੇ ਕੇ ਵਲਾ ਕੇ ਓਸ ਨੂੰ ਟਾਲ ਛਾਤੀ ਨਾਲ ਲਾ ਲਿਆ ਕਰਦੀ ਹੈ।

ਜੈਸੇ ਬੇਦ ਰੋਗੀ ਪ੍ਰਤਿ ਕਹੈ ਨ ਬਿਥਾਰ ਬ੍ਰਿਥਾ ਸੰਜਮ ਕੈ ਅਉਖਦ ਖਵਾਇ ਰੋਗ ਡੰਡ ਹੈ ।

ਜਿਸ ਤਰ੍ਹਾਂ ਬੈਦ ਰੋਗੀ ਤਾਈਂ ਓਸ ਦੇ ਰੋਗ, ਬ੍ਰਿਥਾ = ਪੀੜਾ ਨੂੰ ਵਿਸਤਾਰ ਕਰ ਕੇ ਨਹੀਂ ਦਸ੍ਯਾ ਕਰਦਾ, ਕਿੰਤੂ ਸੰਜਮ ਪੂਰਬਕ ਅਨੂਪਾਨ ਦਾ ਪੱਥ ਕਰੌਂਦਿਆਂ ਦਵਾਈ ਖੁਵਾ ਕੇ ਰੋਗ ਨੂੰ ਦੂਰ ਕਰ ਦਿੰਦਾ ਹੈ।

ਜੈਸੇ ਭੂਲਿ ਚੂਕਿ ਚਟੀਆ ਕੀ ਨ ਬੀਚਾਰੈ ਪਾਧਾ ਕਹਿ ਕਹਿ ਸੀਖਿਆ ਮੂਰਖਤ ਮਤਿ ਖੰਡ ਹੈ ।

ਜਿਸ ਤਰ੍ਹਾਂ ਪਾਂਧਾ ਚਾਟੜੇ ਸ਼ਗਿਰਦ ਦੀ ਭੁੱਲ ਚੁੱਕ ਨੂੰ ਚਿਤਾਰ੍ਯਾ ਨਹੀਂ ਕਰਦਾ, ਸਗੋਂ ਸਿਖ੍ਯਾ ਪਾਠ = ਸਬਕ ਹੀ ਕਹਿ ਕਹਿ = ਪੜ੍ਹਾ ਪੜ੍ਹਾ ਕੇ ਓਸ ਦੀ ਮੂਰਖਤਾ ਵਾਲੀ ਮਤਿ ਬੇ ਸਮਝੀ ਗੁਵਾ ਸਿੱਟਦਾ ਹੈ।

ਤੈਸੇ ਪੇਖਿ ਅਉਗੁਨ ਕਹੈ ਨ ਸਤਿਗੁਰ ਕਾਹੂ ਪੂਰਨ ਬਿਬੇਕ ਸਮਝਾਵਤ ਪ੍ਰਚੰਡ ਹੈ ।੩੫੬।

ਇਸੇ ਤਰ੍ਹਾਂ ਸਤਿਗੁਰੂ ਭੀ ਕਿਸੇ ਆਪਣੇ ਸਿੱਖ ਸੇਵਕ ਦੇ ਅਉਗਨ ਅਪ੍ਰਾਧ ਨੂੰ ਤੱਕ ਕੇ ਸਪਸ਼ਟ ਨਹੀਂ ਆਖ੍ਯਾ ਕਰਦੇ, ਸਗਮਾਂ ਪੂਰੀ ਪੂਰੀ ਵਿਚਾਰ ਸਮਝੌਤੀ ਦ੍ਵਾਰੇ ਸਮਝੌਂਦੇ ਸਮਝੌਂਦੇ ਹੀ, ਪ੍ਰੰਚਡ = ਪਰ+ਚੰਡ = ਭਲੀ ਪ੍ਰਕਾਰ ਓਸ ਨੂੰ ਚੰਡ ਘੱਘਦੇ ਹਨ ਭਾਵ, ਸ੍ਯਾਣਾ ਤਿੱਖੀ ਮਤਿ ਵਾਲਾ ਬਲੀ ਬਣਾ ਦਿੰਦੇ ਹਨ, ਜਿਸ ਕਰ ਕੇ ਅਗੇ ਲਈ ਉਹ ਕਿਸੇ ਤਰ੍ਹਾਂ ਭੀ ਅਪ੍ਰਾਧ ਕਰਨ ਜੋਗਾ ਹੀ ਨਾ ਰਹੇ ॥੩੫੬॥