ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 555


ਜੈਸੇ ਮਧੁ ਮਾਖੀ ਸੀਚਿ ਸੀਚਿ ਕੈ ਇਕਤ੍ਰ ਕਰੈ ਹਰੈ ਮਧੂ ਆਇਤਾ ਕੇ ਮੁਖਿ ਛਾਰੁ ਡਾਰਿ ਕੈ ।

ਜਿਸ ਤਰ੍ਹਾਂ ਸ਼ਹਦ ਦੀ ਮੱਖੀ ਸੰਚ ਸੰਚ ਕੇ ਕਿਧਰੋਂ ਦਾ ਕਿਧਰੇ ਲਿਆ ਲਿਆ ਸ਼ਹਦ ਨੂੰ ਇਕੱਠਿਆਂ ਕਰਦੀ ਹੈ, ਤੇ ਸ਼ਹਦ ਚੋਣਹਾਰਾ ਓਸ ਦੇ ਮੂੰਹ ਵਿਚ ਸੁਆਹ ਪਾ ਕੇ ਲੁੱਟ ਲਿਜਾਇਆ ਕਰਦਾ ਹੈ।

ਜੈਸੇ ਬਛ ਹੇਤ ਗਊ ਸੰਚਤ ਹੈ ਖੀਰ ਤਾਹਿ ਲੇਤ ਹੈ ਅਹੀਰੁ ਦੁਹਿ ਬਛਰੇ ਬਿਡਾਰਿ ਕੈ ।

ਜਿਸ ਤਰ੍ਹਾਂ ਗਊ ਵੱਛੇ ਵਾਸਤੇ ਦੁੱਧ ਨੂੰ ਸੰਚਿਆ ਸੰਗ੍ਰਹ ਕੀਤਾ ਕਰਦੀ ਹੈ, ਪਰ ਪਸਮ ਪੈਣ ਤੇ ਵੱਛੇ ਨੂੰ ਪਰੇ ਹਟਾ ਕੇ ਗੁਜਰ ਆਪ ਦੁੱਧ ਨੂੰ ਚੋ ਲਿਆ ਕਰਦਾ ਹੈ।

ਜੈਸੇ ਧਰ ਖੋਦਿ ਖੋਦਿ ਕਰਿ ਬਿਲ ਸਾਜੈ ਮੂਸਾ ਪੈਸਤ ਸਰਪੁ ਧਾਇ ਖਾਇ ਤਾਹਿ ਮਾਰਿ ਕੈ ।

ਜਿਸ ਤਰ੍ਹਾਂ ਧਰਤੀ ਨੂੰ ਪੁੱਟ ਪੁੱਟ ਕੇ ਚੂਹਾ ਖੁੱਡ ਬਣਾਇਆ ਕਰਦਾ ਹੈ, ਪਰ ਉਥੇ ਓਸ ਨੂੰ ਮਾਰ ਕੇ ਖਾਕੇ ਸੱਪ ਦੌੜਿਆ ਦੌੜਿਆ ਆਨ ਧਸਿਆ ਕਰਦਾ ਹੈ।

ਤੈਸੇ ਕੋਟਿ ਪਾਪ ਕਰਿ ਮਾਇਆ ਜੋਰਿ ਜੋਰਿ ਮੂੜ ਅੰਤਿ ਕਾਲਿ ਛਾਡਿ ਚਲੈ ਦੋਨੋ ਕਰ ਝਾਰਿ ਕੈ ।੫੫੫।

ਤਿਸੀ ਪ੍ਰਕਾਰ ਮੂਰਖ ਪਾਪ ਅਪ੍ਰਾਧ ਕਰ ਕਰ ਕੇ ਮਾਯਾ ਦਾ ਜੋੜ ਸੰਚਯ ਜੋੜਦਾ ਹੈ, ਪਰ ਓੜਕ ਨੂੰ ਦੋਵੇਂ ਹੱਥ ਹੀ ਝਾੜ ਕੇ ਖਾਲੀ ਹੱਥ ਕੂਚ ਕਰ ਜਾਇਆ ਕਰਦਾ ਹੈ ॥੫੫੫॥


Flag Counter