ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 194


ਗੁਰਸਿਖ ਸੰਗਤਿ ਮਿਲਾਪ ਕੋ ਪ੍ਰਤਾਪੁ ਅਤਿ ਭਾਵਨੀ ਭਗਤ ਭਾਇ ਚਾਇ ਕੈ ਚਈਲੇ ਹੈ ।

ਉਕਤ ਗੁਰਸਿੱਖਾਂ ਦੀ ਸੰਗਤਿ ਦੇ ਮਿਲਾਪ ਦਾ ਪ੍ਰਭਾਵ ਬਹੁਤ ਉਤਮ ਹੈ ਅਰਥਾਤ ਇਨਾਂ ਸਿਖਾਂ ਦੀ ਸੰਗਤ ਵਿਖੇ ਜਿਨਾਂ ਕਿਨਾਂ ਨੂੰ ਮੇਲ ਪ੍ਰਾਪਤ ਹੋ ਜਾਵੇ, ਉਹ ਐਸੇ ਉਤਮ ਹੋ ਜਾਂਦੇ ਹਨ ਕਿ ਓਨਾਂ ਦੀ ਭੌਣੀ ਭਗਤੀ ਭਰੀ ਹੋ ਜਾਂਦੀ ਹੈ, ਤੇ ਭਾਇ ਪ੍ਰੇਮ ਭਾਵ ਦੇ ਚਾਅ ਚੌਂਪ ਨਾਲ ਓਨ੍ਹਾਂ ਨੂੰ ਚਾਹਮਲੀਆਂ ਚੜ੍ਹੀਆਂ ਰਹਿੰਦੀਆਂ ਹਨ ਭਾਵ ਪ੍ਰੇਮ ਦੀਆਂ ਤਰੰਗਾਂ ਦੇ ਅਧੀਨ ਹਰ ਸਮੇਂ ਨਾਨਾ ਪ੍ਰਕਾਰ ਦੀ ਸੇਵਾ ਆਦਿ ਵਿਖੇ ਉਮੰਗ ਤੇ ਉਤਸ਼ਾਹ ਓਨਾਂ ਅੰਦਰ ਜਾਗਿਆ ਰਹਿੰਦਾ ਹੈ।

ਦ੍ਰਿਸਟਿ ਦਰਸ ਲਿਵ ਅਤਿ ਅਸਚਰਜ ਮੈ ਬਚਨ ਤੰਬੋਲ ਸੰਗ ਰੰਗ ਹੁਇ ਰੰਗੀਲੇ ਹੈ ।

ਅਤ੍ਯੰਤ ਅਸਚਰਜ ਸਰੂਪ ਸਤਿਗੁਰੂ ਦੇ ਦਰਸ਼ਨ ਵਿਖੇ ਦ੍ਰਿਸ਼ਟੀ ਦੀ ਲਿਵ ਤਾਰ ਤਾੜੀ ਅੰਤਰਮੁਖੀ ਲਗੀ ਰਹਿੰਦੀ ਹੈ ਓਨਾਂ ਦੀ ਤੇ ਬਚਨ ਗੁਰ ਉਪਦੇਸ਼ ਰੂਪੀ ਤੰਬੋਲ ਪਾਨ ਦੇ ਅਭ੍ਯਾਸ ਰੂਪ ਚਬਾਨ ਨਾਲ ਪ੍ਰੇਮ ਰੰਗ ਕਰ ਕੇ ਉਹ ਰੰਗੀਲੇ ਲਾਲ ਗੁਲਾਲ ਪ੍ਰੇਮ ਪ੍ਰੀਤੀ ਰੱਤੇ ਹੋਏ ਰਹਿੰਦੇ ਹਨ।

ਸਬਦ ਸੁਰਤਿ ਲਿਵ ਲੀਨ ਜਲ ਮੀਨ ਗਤਿ ਪ੍ਰੇਮ ਰਸ ਅੰਮ੍ਰਿਤ ਕੈ ਰਸਿਕ ਰਸੀਲੇ ਹੈ ।

ਅਰਥਾਤ ਗੁਰੂ ਮੰਤ੍ਰ ਸਰੂਪੀ ਸ਼ਬਦ ਵਿਖੇ ਅਥਵਾ ਉਪਦੇਸ਼ ਸੁਨਣ ਦੀ ਬਾਰੰਬਾਰ ਧਾਰਣਾ ਰਾਹੀਂ ਪ੍ਰਕਾਸ਼ ਹੋਈ ਅਗੰਮੀ ਧੁਨ ਵਿਖੇ ਸੁਰਤ ਦੀ ਲਿਵ ਲਗਾ ਕੇ ਜਲ ਵਿਚ ਮਛਲੀ ਨ੍ਯਾਈਂ ਲੀਨ ਮਗਨ ਹੋਏ ਹੋਏ, ਪ੍ਰੇਮ ਰਸ ਰੂਪ ਅੰਮ੍ਰਿਤ ਦੇ ਰਸੀਏ ਬਣਕ ਉਹ ਰਸ ਵਾਲੇ ਆਤਮ ਰਸ ਭਿੰਨੇ ਹੋਏ ਰਹਿੰਦੇ ਹਨ।

ਸੋਭਾ ਨਿਧਿ ਸੋਭ ਕੋਟਿ ਓਟ ਲੋਭ ਕੈ ਲੁਭਿਤ ਕੋਟਿ ਛਬਿ ਛਾਹ ਛਿਪੈ ਛਬਿ ਕੈ ਛਬੀਲੇ ਹੈ ।੧੯੪।

ਇਸੇ ਰਹਿਣੀ ਕਰ ਕੇ ਉਹ ਸ਼ੋਭਾ ਦੇ ਭੰਡਾਰ ਬਣ ਜਾਂਦੇ ਹਨ ਤੇ ਕ੍ਰੋੜਾਂ ਹੀ ਸ਼ੋਭਾ ਲੋਭ ਕਰ ਕੇ ਲੁਭਾਯਮਾਨ ਹੋਈਆਂ ਹੋਈਆਂ ਓਨਾਂ ਦੀ ਓਟ ਸਹਾਰੇ ਆਂਭ ਸਾਂਭ ਨੂੰ ਲੈਕ ਰਹਿੰਦੀਆਂ ਹਨ, ਅਤੇ ਛਬਿ ਸੁੰਦਰਤਾ ਕਰ ਕੇ ਐਡੇ ਛਬੀਲੇ ਸੁੰਦਰ ਉਹ ਹੋ ਜਾਂਦੇ ਹਨ ਕਿ ਕ੍ਰੋੜਾਂ ਹੀ ਛਬਾਂ ਓਨਾਂ ਦੀ ਛਾਹ ਛਾਇਆ ਤਲੇ ਛਪੀਆਂ ਰਹਿੰਦੀਆਂ ਹਨ ॥੧੯੪॥