ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 105


ਚਰਨ ਸਰਨਿ ਗਹੇ ਨਿਜ ਘਰਿ ਮੈ ਨਿਵਾਸ ਆਸਾ ਮਨਸਾ ਥਕਤ ਅਨਤ ਨ ਧਾਵਈ ।

ਜਿਹੜਾ ਕੋਈ ਉਕਤ ਗੁਰਮੁਖਾਂ ਦੇ ਚਰਣਾਂ ਦੀ ਸਰਣਗ੍ਰਹਣ ਕਰੇ ਭਾਵ ਓਨਾਂ ਦੀ ਸੰਗਤ ਵਿਚ ਬੈਠ ਜਾਵੇ ਓਸ ਦਾ ਨਿਵਾਸ ਚਿੱਤ ਦੀ ਇਸਥਿਤ ਯਾ ਲਗਾਉ ਨਿਜ ਘਰ ਮੈ ਆਤਮ ਪ੍ਰਾਇਣੀ ਹੋ ਜਾਂਦਾ ਹੈ, ਅਰੁ ਆਸਾਂ ਉਮੈਦਾਂ ਜੋ ਮਨੁੱਖ ਨੂੰ ਨਿੱਤ ਗਲੀਆਂ ਰਹਿੰਦੀਆਂ ਹਨ ਤੇ ਮਨਸਾ ਮਨ ਕਾਮਨਾ ਜੋ ਅੰਦਰ ਨਿਤ ਨਵੀਆਂ ਜਾਗਦੀਆਂ ਰਹਿੰਦੀਆਂ ਹਨ ਇਸ ਦੀਆਂ ਥਕਿਤ ਹੋ ਹੁੱਟ ਜਾਂਦੀਆਂ ਹਨ, ਅਰੁ ਹੁਣ 'ਅਨਤ ਨ ਧਾਵਈ' ਪਰ ਤਨ ਪਰ ਧਨ ਪਰ ਦੇਸ ਆਦਿ ਵਾਸਤੇ ਨਹੀਂ ਦੌੜਿਆ ਕਰਦਾ, ਭਾਵ ਸ਼ਾਂਤ ਸੰਤੋਖ ਨੂੰ ਧਾਰ ਲਿਆ ਕਰਦਾ ਹੈ।

ਦਰਸਨ ਮਾਤ੍ਰ ਆਨ ਧਿਆਨ ਮੈ ਰਹਤ ਹੋਇ ਸਿਮਰਨ ਆਨ ਸਿਮਰਨ ਬਿਸਰਾਵਈ ।

ਐਸੇ ਜੀਵਨ ਮੁਕਤ ਸਿੱਖ ਦੇ ਦਰਸ਼ਨ ਮਾਤ੍ਰ ਕੀਤਿਆਂ ਹੀ ਦਰਸ਼ਨ ਕਰਣਹਾਰਾ ਹੋਰਨਾਂ ਧਿਆਨਾਂ ਤਕਨੀਆਂ ਤਾਂਘਾਂ ਵੱਲੋਂ ਰਹਿਤ ਬਸ ਹੋ ਜਾਂਦਾ ਹੈ, ਪਰ ਜੇ ਸਿਮਰਨ ਯਾਦ ਅੰਦਰ ਕਿਤੇ ਆ ਜਾਵੇ ਤਾਂ ਹੋਰ ਸਭ ਯਾਦਾਂ ਬਿਸਰਾਵਈ ਵਿਸਰ ਜਾਂਦੀਆਂ ਹਨ ਭਾਵ ਓਸ ਦੀਆਂ ਸੰਸਾਰੀ ਚਿਤਵਨੀਆਂ ਸੁਤੇ ਹੀ ਬੰਦ ਪੈ ਜਾਂਦੀਆਂ ਹਨ।

ਸਬਦ ਸੁਰਤਿ ਮੋਨਿ ਬ੍ਰਤ ਕਉ ਪ੍ਰਾਪਤਿ ਹੋਇ ਪ੍ਰੇਮ ਰਸ ਅਕਥ ਕਥਾ ਨ ਕਹਿ ਆਵਈ ।

ਸਬਦ ਬੋਲਨੋ ਬਾਣੀ ਤੇ ਸੁਨਣੋ ਕੰਨ ਦੋਨੋਂ ਹੀ ਐਸੇ ਮਹਾਂ ਪੁਰਖ ਜੀਵਨ ਮੁਕਤ ਸਿੱਖ ਦੇ ਬਚਨ ਬਿਲਾਸ ਸੁਣਦੇ ਸਾਰ ਮੋਨ ਬ੍ਰਤ ਨੂੰ ਪ੍ਰਾਪਤ ਹੋ ਜਾਂਦੇ ਹਨ; ਚੁੱਪ ਸਾਧ ਲੈਂਦੇ ਹਨ ਭਾਵ ਬਕਵਾਸ ਦੀ ਵਾਦੀ ਬਸ ਹੋ ਜਾਂਦੀ ਹੈ ਅਤੇ ਐਨਾ ਪ੍ਰੇਮ ਦਾ ਰਸ ਸ੍ਵਾਦ ਉਸ ਦੀ ਸੰਗਤ ਵਿਚੋਂ ਔਂਦਾ ਹੈ ਕਿ ਓਸ ਦੀ ਕਥਾ ਅਕਥ ਰੂਪ ਹੈ ਕਹਿਣੇ ਵਿਚ ਆ ਹੀ ਨਹੀਂ ਸਕਦੀ।

ਕਿੰਚਤ ਕਟਾਛ ਕ੍ਰਿਪਾ ਪਰਮ ਨਿਧਾਨ ਦਾਨ ਪਰਮਦਭੁਤ ਗਤਿ ਅਤਿ ਬਿਸਮਾਵਈ ।੧੦੫।

ਤੇ ਜਦ ਉਹ ਕਿੰਚਿਤ ਭਰ ਥੋੜੀ ਮਾਤ੍ਰ ਕਿਰਪਾ ਵਿਚ ਆ ਕੇ ਤੱਕ ਲਵੇ ਤਾਂ ਉਸ ਕ੍ਰਿਪਾ ਕਟਾਖ੍ਯ ਦ੍ਵਾਰਾ ਮਾਨੋ ਪਰਮ ਨਿਧੀਆਂ ਬਖਸ਼ ਦਿੰਦਾ ਹੈ। ਅਰੁ ਪਰਮ ਅਦਭੁਤ ਦਸ਼ਾ ਅੰਦਰ ਆਣ ਵਰਤਿਆ ਕਰਦੀ ਹੈ, ਜਿਸ ਦਾ ਅਨੁਮਾਨ ਲੌਣਾ ਭੀ ਅਤਿ ਬਿਸਮਾਵਈ ਅਤ੍ਯੰਤ ਪ੍ਰੇਸ਼ਾਨ ਅਚਰਜ ਕਰ ਦਿੰਦਾ ਹੈ ॥੧੦੫॥