ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 482


ਲੋਗ ਬੇਦ ਗਿਆਨ ਉਪਦੇਸ ਹੈ ਪਤਿਬ੍ਰਤਾ ਕਉ ਮਨ ਬਚ ਕ੍ਰਮ ਸ੍ਵਾਮੀ ਸੇਵਾ ਅਧਿਕਾਰਿ ਹੈ ।

ਲੋਕਾਚਾਰੀ ਤਥਾ ਬੇਦਾਚਾਰੀ ਗਿਆਨ ਪਤਿਬ੍ਰਤਾ ਇਸਤੀ ਨੂੰ ਏਹੋ ਹੀ ਉਪਦੇਸ਼ ਦਿੰਦਾ ਹੈ; ਕਿ ਮਨ ਬਾਣੀ ਸਰੀਰ ਕਰ ਕੇ ਸ੍ਵਾਮੀ ਭਰਤੇ ਦੀ ਸੇਵਾ ਕਰੇ ਕ੍ਯੋਂਕਿ ਏਹੋ ਹੀ ਉਸ ਦਾ ਅਧਿਕਾਰ ਫਰਜ ਹੈ।

ਨਾਮ ਇਸਨਾਨ ਦਾਨ ਸੰਜਮ ਨ ਜਾਪ ਤਾਪ ਤੀਰਥ ਬਰਤ ਪੂਜਾ ਨੇਮ ਨਾ ਤਕਾਰ ਹੈ ।

ਵਿਸ਼ਨੂੰ ਸਬਹੰਸ੍ਰ ਨਾਮ ਆਦਿ ਦੇ ਪਾਠ ਕੱਤਕ ਮਾਘ ਆਦਿ ਮਹੀਨਿਆਂ ਦਾ ਮਹਾਤਮੀ ਸ਼ਨਾਨ, ਪਰਬ ਮਹਾਤਮ ਅਦਿ ਸਮੇਂ ਕੋਈ ਖਾਸ ਮੰਤਬ੍ਯ ਸਾਮਨੇ ਰੱਖ ਕੇ ਧਨ ਪਦਾਰਥ ਆਦਿ ਦੇਣਾ ਰੂਪ ਦਾਨ, ਕਿਸੇ ਵਿਸ਼ੇਖ ਬੰਧਾਨ ਵਿਚ ਅਪਣੇ ਆਪ ਨੂੰ ਨਰੜਨਾ ਰੂਪ ਸੰਜਮ ਐਸਾ ਹੀ ਨਾਨਾ ਭਾਂਤ ਦੇ ਮੰਤ੍ਰਾਂ ਦੇ ਜਾਪ ਜਪਨੇ ਤੇ ਤਪ ਤਪਨੇ ਚਲੀਹੇ ਸਾਧਨੇ ਆਦਿ ਪਰਬ ਆਦਿਕਾਂ ਸਮੇਂ ਗੰਗਾ ਪ੍ਰਯਾਗ ਆਦਿ ਤੀਰਥ ਪਰਸਨੇ, ਵਿਸ਼ੇਸ਼ ਦਿਨਾਂ ਯਾ ਕੁਛ ਨਿਯਮਿਤ ਸਮਯ ਵਾਸਤੇ ਅੰਨ ਆਦਿ ਤ੍ਯਾਗ ਦੇ ਬ੍ਰਤ ਦੀ ਪ੍ਰਤਿਗ੍ਯਾ ਧਾਰਣੀ ਠਾਕੁਰ ਪੁਜਾ ਆਦਿ ਦਾ ਸ਼ਿਵਾਲੇ ਮੰਦਿਰ ਆਦਿ ਦੀਆਂ ਪ੍ਰਕਰਮਾ, ਖੂਹਾਂ ਉਪਰ ਅਥਵਾ ਤੁਲਸੀ ਆਦਿ ਸਮਾਨੇ ਦੀਵੇ ਜਗਾਨੇ ਆਦਿ ਦੇ ਸੰਕੇਤ ਬੰਨਣੇ ਇਤ੍ਯਾਦਿ ਸਭ ਪ੍ਰਕਾਰ ਦੇ ਸਾਧਨ ਹੀ ਪਤਿਬ੍ਰਤਾ ਲਈ ਨਤਕਾਰ ਨਿਖੇਧ ਰੂਪ ਹਨ।

ਹੋਮ ਜਗ ਭੋਗ ਨਈਬੇਦ ਨਹੀ ਦੇਵੀ ਦੇਵ ਸੇਵ ਰਾਗ ਨਾਦ ਬਾਦ ਨ ਸੰਬਾਦ ਆਨ ਦੁਆਰ ਹੈ ।

ਇਸੇ ਪ੍ਰਕਾਰ ਹੀ ਅਹੂਤੀਆਂ ਅੱਗ ਵਿਚ ਪੌਣੀਆਂ, ਬ੍ਰਹਮ ਭੋਜ ਆਦਿ ਜੱਗ ਕਰਨੇ, ਧੂਪ, ਦੀਪ, ਪ੍ਰਸ਼ਾਦ ਆਦਿ ਨਈਵੇਦ ਭੇਟਾ ਅਰਪਣੀਆਂ ਤਥਾ ਦੇਵੀਆਂ ਦੇਵਤਿਆਂ ਦਾ ਸੇਵਨ ਪਤਿਬ੍ਰਤਾ ਇਸਤ੍ਰੀ ਲਈ ਕੋਈ ਨਹੀਂ ਪ੍ਰਵਾਣਿਆ। ਰਾਗ, ਸੁਨਣੇ ਗੌਣੇ ਨਾਦ ਧੁਨੀਆਂ ਦੀ ਰਟ ਲਗੌਣੀ ਤਥਾ ਸਾਜ ਬਾਜ ਦੇ ਅਡੰਬਰ ਅਡਿੰਬਨੇ ਤਥਾ ਸੰਬਾਦ ਚਰਚਾ ਗੋਸ਼ਟਾਂ ਕਰਨੀਆਂ ਕੋਈ ਪ੍ਰਵਾਣ ਨਹੀਂ ਹਨ ਇਹ ਸਭ ਆਨ ਦੁਆਰ ਦੂਸਰੇ ਦੁਆਰੇ ਭਟਕਨਾ ਬਿਭਚਾਰ ਹੀ ਹੈ।

ਤੈਸੇ ਗੁਰਸਿਖਨ ਮੈ ਏਕ ਟੇਕ ਹੀ ਪ੍ਰਧਾਨ ਆਨ ਗਿਆਨ ਧਿਆਨ ਸਿਮਰਨ ਬਿਬਚਾਰ ਹੈ ।੪੮੨।

ਤਿਸੇ ਭਾਂਤ ਗੁਰ ਸਿੱਖਾਂ ਵਿਖੇ ਭੀ ਇਕ ਮਾਤ੍ਰ ਸਤਿਗੁਰੂ ਦੀ ਟੇਕ ਹੀ ਪ੍ਰਧਾਨ ਮੁੱਖ ਹੈ, ਹੋਰ ਸਭ ਪ੍ਰਕਾਰ ਦੇ ਗਿਆਨ ਧਿਆਨ ਸਿਮਰਣ ਆਦ ਬਿਭਚਾਰ ਰੂਪ ਸਾਧਨ ਸਤਿਗੁਰਾਂ ਦੇ ਮਾਰਗੋਂ ਚਲਾਯਮਾਨ ਕਰਣ ਹਾਰੇ ਹਨ ॥੪੮੨॥


Flag Counter