ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 625


ਜੈਸੇ ਜਲ ਸਿੰਚ ਸਿੰਚ ਕਾਸਟ ਸਮਥ ਕੀਨੇ ਜਲ ਸਨਬੰਧ ਪੁਨ ਬੋਹਿਥਾ ਬਿਸ੍ਵਾਸ ਹੈ ।

ਜਿਵੇਂ ਪਾਣੀ ਸਿੰਜ ਸਿੰਜ ਕੇ ਲੱਕੜ ਨੂੰ ਸਮਰਥ ਕਰੀਦਾ ਹੈ ਭਾਵ ਬਣਾਈਦਾ ਹੈ, ਉਸੇ ਲੱਕੜ ਦਾ ਫੇਰ ਜਹਾਜ਼ ਬਣਾਈਦਾ ਹੈ, ਇਸ ਭਰਵਾਸੇ ਕਿ ਜਲ ਦੇ ਸਨਬੰਧ ਵਿਚ ਤਿਆਰ ਹੋਣ ਕਰ ਕੇ ਜਲ ਵਿਚ ਡੁਬੇਗਾ ਨਹੀਂ।

ਪਵਨ ਪ੍ਰਸੰਗ ਸੋਈ ਕਾਸਟ ਸ੍ਰੀਖੰਡ ਹੋਤ ਮਲਯਾਗਿਰ ਬਾਸਨਾ ਸੁ ਮੰਡ ਪਰਗਾਸ ਹੈ ।

ਉਹੋ ਲੱਕੜ ਮਲ੍ਯਾਗਰ ਪਵਨ ਦੇ ਸੰਗ ਨਾਲ ਚੰਦਨ ਹੋ ਜਾਂਦੀ ਹੈ ਉਹ ਸੰਵਰੀ ਹੋਈ ਲੱਕੜ ਭਾਵ ਚੰਦਨ ਹੋਏ ਬ੍ਰਿਛਾਂ ਤੋਂ ਚੰਦਨ ਦੀ ਵਾਸ਼ਨਾ ਪ੍ਰਕਾਸ਼ ਪਾਉਂਦੀ ਹੈ।

ਪਾਵਕ ਪਰਸ ਭਸਮੀ ਕਰਤ ਦੇਹ ਗੇਹ ਮਿਤ੍ਰ ਸਤ੍ਰ ਸਗਲ ਸੰਸਾਰ ਹੀ ਬਿਨਾਸ ਹੈ ।

ਉਹੋ ਲੱਕੜ ਅੱਗ ਨਾਲ ਮਿਲ ਕੇ ਘਰ ਤੇ ਸਰੀਰ ਸੁਆਹ ਕਰ ਦੇਂਦੀ ਹੈ ਅਤੇ ਮਿੱਤ੍ਰ ਵੈਰੀ ਸਾਰੇ ਸੰਸਾਰ ਦਾ ਹੀ ਨਾਸ ਕਰ ਦੇਂਦੀ ਹੈ।

ਤੈਸੇ ਆਤਮਾ ਤ੍ਰਿਗੁਨ ਤ੍ਰਿਬਿਧ ਸਕਲ ਸਿਵ ਸਾਧਸੰਗ ਭੇਟਤ ਹੀ ਸਾਧ ਕੋ ਅਭਿਆਸ ਹੈ ।੬੨੫।

ਤਿਵੇਂ ਆਤਮਾ ਜੋ ਸੰਪੂਰਣ ਕਲਿਆਣ ਸਰੂਪ ਹੈ ਤਿੰਨਾਂ ਗੁਣਾਂ ਨੂੰ ਮਿਲ ਕੇ ਤਿੰਨ ਵਿਧੀਆਂ ਦਿਖਾਲਦਾ ਹੈ ਫਿਰ ਸਾਧੂ ਨੂੰ ਮਿਲ ਕੇ ਸਾਧ ਸੰਗ ਦੇ ਦਸੇ ਅਭਿਆਸ ਨਾਲ ਮੁੜ ਸੰਪੂਰਨ ਸ਼ਿਵ ਕਲਿਆਣ ਸਰੂਪ ਹੋ ਜਾਂਦਾਹੈ ॥੬੨੫॥