ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 616


ਜੈਸੇ ਅਸ੍ਵਨੀ ਸੁਤਹ ਛਾਡਿ ਅੰਧਕਾਰਿ ਮਧ ਜਾਤਿ ਪੁਨ ਆਵਤ ਹੈ ਸੁਨਤ ਸਨੇਹ ਕੈ ।

ਜਿਵੇਂ ਘੋੜੀ ਵਧੇਰੇ ਨੂੰ ਘਰ ਛੱਡ ਕੇ ਮੂੰਹ ਅਨ੍ਹੇਰੇ ਹੀ ਬਾਹਰ ਸਫਰ ਤੇ ਚਲੀ ਜਾਂਦੀ ਹੈ, ਪਰ ਸ਼ਾਮਾਂ ਨੂੰ ਜਦ ਮੁੜਕੇ ਆਉਂਦੀ ਹੈ ਤਾਂ ਬੱਚੇ ਨਾਲ ਪਿਆਰ ਦੀ ਸੁਰਤ ਕਰ ਲੈਂਦੀ ਹੈ।

ਜੈਸੇ ਨਿੰਦ੍ਰਾਵੰਤ ਸੁਪਨੰਤਰ ਦਿਸੰਤਰ ਮੈ ਬੋਲਤ ਘਟੰਤਰ ਚੈਤੰਨ ਗਤਿ ਗੇਹ ਕੈ ।

ਜਿਵੇਂ ਸੁੱਤਾ ਹੋਇਆ ਮਨੁੱਖ ਸੁਪਨਿਆਂ ਵਿਚ ਦੇਸ ਦੇਸਾਂਤਰਾਂ ਵਿਚ ਭਰਮਦਾ ਤੇ ਬੜਾਉਂਦਾ ਹੈ, ਪਰ ਜਦ ਜਾਗ੍ਰਤ ਵਿਚ ਆਉਂਦਾ ਹੈ ਤਾਂ ਝਟ ਘਰ ਦੇ ਪਿਆਰ ਵਿਚ ਆ ਜਾਂਦਾ ਹੈ।

ਜੈਸੇ ਤਉ ਪਰੇਵਾ ਤ੍ਰਿਯਾ ਤ੍ਯਾਗ ਹੁਇ ਅਕਾਸਚਾਰੀ ਦੇਖਿ ਪਰਕਰ ਗਿਰੈ ਤਨ ਬੂੰਦ ਮੇਹ ਕੈ ।

ਜਿਵੇਂ ਕਬੂਤਰ ਕਬੂਤਰੀ ਨੂੰ ਛੱਡ ਕੇ ਅਕਾਸ਼ ਵਿਚ ਉਡਾਰੀਆਂ ਮਾਰਦਾ ਹੈ ਫਿਰ ਆਪਣੇ ਪਰਿਵਾਰ ਨੂੰ ਦੇਖ ਕੇ ਆਪਣੇ ਸਰੀਰ ਨੂੰ ਐਉਂ ਡੇਗ ਦਿੰਦਾ ਹੈ, ਜਿਵੇਂ ਮੀਂਹ ਦੀ ਕਣੀ ਧਰਤੀ ਤੇ ਤੇਜ਼ੀ ਨਾਲ ਡਿਗਦੀ ਹੈ।

ਤੈਸੇ ਮਨ ਬਚ ਕ੍ਰਮ ਭਗਤ ਜਗਤ ਬਿਖੈ ਦੇਖ ਕੈ ਸਨੇਹੀ ਹੋਤ ਬਿਸਨ ਬਿਦੇਹ ਕੈ ।੬੧੬।

ਤਿਵੇਂ ਜਗਤ ਵਿਚ ਭਗਤ ਆਪਣੇ ਪਿਆਰੇ ਭਗਤ ਨੂੰ ਵੇਖਕੇ ਮਨ, ਬਚਨ,ਕਰਮ ਕਰ ਕੇ ਅਸਚਰਜ ਹੁੰਦਾ ਹੁੰਦਾ ਨਿਮਗਨ ਹੀ ਹੋ ਜਾਂਦਾ ਹੈ ॥੬੧੬॥