ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 531


ਤਿਨੁ ਤਿਨੁ ਮੇਲਿ ਜੈਸੇ ਛਾਨਿ ਛਾਈਅਤ ਪੁਨ ਅਗਨਿ ਪ੍ਰਗਾਸ ਤਾਸ ਭਸਮ ਕਰਤ ਹੈ ।

ਤੀਲਾ ਤੀਲੀ ਇਕੱਠਿਆਂ ਕਰ ਕੇ ਜਿਸ ਤਰ੍ਹਾਂ ਛੰਨ ਛੱਪਰੀ ਪਾਈਦੀ ਹੈ ਪਰ ਅੱਗ ਲੱਗ ਜਾਏ ਤਾਂ ਝੱਟ ਹੀ ਇਸ ਨੂੰ ਸੁਆਹ ਕਰ ਸਿੱਟਦੀ ਹੈ।

ਸਿੰਧ ਕੇ ਕਨਾਰ ਬਾਲੂ ਗ੍ਰਿਹਿ ਬਾਲਕ ਰਚਤ ਜੈਸੇ ਲਹਰਿ ਉਮਗਿ ਭਏ ਧੀਰ ਨ ਧਰਤ ਹੈ ।

ਜਿਸ ਤਰ੍ਹਾਂ ਸਮੁੰਦਰ ਦੇ ਕਿਨਾਰੇ ਬਾਲਕ ਰੇਤ ਦੇ ਘਰ ਉਸਾਰਿਆ ਕਰਦੇ ਹਨ, ਪਰ ਲਹਿਰ ਛੱਲ ਉੱਛਲਦੇ ਸਾਰ ਉਹ ਟਿਕੇ ਨਹੀਂ ਰਿਹਾ ਕਰਦੇ।

ਜੈਸੇ ਬਨ ਬਿਖੈ ਮਿਲ ਬੈਠਤ ਅਨੇਕ ਮ੍ਰਿਗ ਏਕ ਮ੍ਰਿਗਰਾਜ ਗਾਜੇ ਰਹਿਓ ਨ ਪਰਤ ਹੈ ।

ਜਿਸ ਤਰ੍ਹਾਂ ਬਨ ਵਿਖੇ ਅਨੇਕਾਂ ਮਿਰਗ ਕੱਠੇ ਹੋ ਕੇ ਬੈਠੇ ਹੁੰਦੇ ਹਨ, ਪਰ ਇਕ ਸਿੰਘ ਦੇ ਗੱਜਦਿਆਂ ਸਾਰ ਓਹ ਓਥੇ ਰਹਿਣਾ ਨਹੀਂ ਪੌਂਦੇ, ਬੈਠੇ ਨਹੀਂ ਰਹਿ ਸਕਿਆ ਕਰਦੇ।

ਦ੍ਰਿਸਟਿ ਸਬਦੁ ਅਰੁ ਸੁਰਤਿ ਧਿਆਨ ਗਿਆਨ ਪ੍ਰਗਟੇ ਪੂਰਨ ਪ੍ਰੇਮ ਸਗਲ ਰਹਤ ਹੈ ।੫੩੧।

ਤਿਸੀ ਪ੍ਰਕਾਰ ਦ੍ਰਿਸ਼ਟੀ ਦਾ ਸਾਧਨਾ, ਸ਼ਬਦ ਦਾ ਪਰਚਾ ਧਾਰਣਾ ਅਤੇ ਧਿਆਨ ਵਿਖੇ ਸੁਰਤ ਜੋੜਨੀ, ਤਥਾ ਗਿਆਨ ਦਾ ਕਮਾਨਾ ਆਦਿ ਸਮੂਹ ਸਾਧਨ ਪੂਰਣ ਪ੍ਰੇਮ ਦੇ ਪ੍ਰਗਟ ਹੋਇਆਂ ਰਹਤ ਹੈ ਫੁੱਸ ਹੋ ਜਾਂਦੇ ਮਾਤ ਪੈ ਜਾਂਦੇ ਹਨ ॥੫੩੧॥


Flag Counter