ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 13


ਨਾਨਾ ਮਿਸਟਾਨ ਪਾਨ ਬਹੁ ਬਿੰਜਨਾਦਿ ਸ੍ਵਾਦ ਸੀਚਤ ਸਰਬ ਰਸ ਰਸਨਾ ਕਹਾਈ ਹੈ ।

ਨਾਨਾ ਪ੍ਰਕਾਰ ਦੇ ਮਿਸ਼ਟਾਨ ਪਾਨ ਮਿੱਠੇ ਮਿੱਠੇ ਅਨੂਪਾਨ = ਖਾਣ ਪੀਨ ਜੋਗ ਮਿੱਠੇ ਮਿੱਠੇ ਪਦਾਰਥ ਹੋਰ ਭੀ ਬਹੁ ਬਿੰਜਨਾਦਿ ਬਹੁਤ ਭਾਂਤ ਦੇ ਸਾਗ ਸਲੂਣੇ ਪੁਲਾ ਆਦਿ ਭੋਜਨ ਲੈਕ ਪਦਾਰਥ ਜੋ ਹਨ- ਏਨ੍ਹਾਂ ਸਰਬ ਸਮੂਹ ਖਟ ਰਸਾਂ ਦਿਆਂ ਸ੍ਵਾਦਾਂ ਨੂੰ ਸੀਚਤ ਸੰਚਨ = ਸਮੇਟਨਹਾਰੀ ਲੈਣ ਵਾਲੀ ਬਣ ਕੇ ਉਸ ਸਾਰਬ ਬ੍ਯਾਪੀ ਅੰਤਰਯਾਮਿਨੀ ਸਮਾਨ ਸੱਤਾ ਨੇ ਅਪਨੇ ਆਪ ਨੂੰ ਰਸਨਾ ਕਹਾਇਆ ਹੈ।

ਦ੍ਰਿਸਟਿ ਦਰਸ ਅਰੁ ਸਬਦ ਸੁਰਤਿ ਲਿਵ ਗਿਆਨ ਧਿਆਨ ਸਿਮਰਨ ਅਮਿਤ ਬਡਾਈ ਹੈ ।

ਸਰਬੱਤ ਦਰਸ਼ਨਾਂ ਰੂਪ ਵਾਨ ਪਦਾਰਥਾਂ ਨੂੰ ਤੱਕ ਵਿਚ ਰਖਨ ਵਾਲੀ ਦ੍ਰਿਸਟਿ ਨੇਤ੍ਰ ਸ਼ਕਤੀ ਅਰੁ ਸ਼ਬਦ ਬਚਨ ਦੇ ਸੁਨਣ ਵਾਲੀ ਹੋ ਕੇ ਉਸ ਨੇ ਸੁਰਤਿ ਸੁਨਣ ਵਾਲੀ ਸ਼ਕਤੀ ਦਾ ਆਧਾਰ ਕੰਨ ਅਖਵਾਇਆ ਹੈ, ਤੇ ਗਿਆਨ ਧਿਆਨ ਅਰੁ ਸਿਮਰਣ ਰੂਪ ਕਾਰਜਾਂ ਦਾ ਨਿਰਬਾਹ ਕਰਦਿਆਂ ਉਸ ਨੇ ਲਿਵ ਸੁਰਤ ਨਾਮ ਦ੍ਵਾਰੇ ਅਮਿਤ ਅਮਾਪ ਬੇਮ੍ਰਯਾਦ ਵਡਿਆਈ ਨੂੰ ਪ੍ਰਾਪਤ ਕੀਤਾ ਹੈ।

ਸਕਲ ਸੁਰਤਿ ਅਸਪਰਸ ਅਉ ਰਾਗ ਨਾਦ ਬੁਧਿ ਬਲ ਬਚਨ ਬਿਬੇਕ ਟੇਕ ਪਾਈ ਹੈ ।

ਅਉਰ ਸੰਪੂਰਣ ਰਾਗਾਂ ਦੇ ਨਾਦ ਧੁਨੀ ਨੇ ਤਥਾ ਬੁਧੀ ਬਲ ਨਿਸਚੇ ਕਾਰਣੀ ਸ਼ਕਤੀ ਵਾ ਬਚਨ ਬਿਬੇਕ ਬਚਨ ਦੇ ਨਿਰਣੇ ਨੇ ਭੀ ਉਸ ਇਸੇ ਪਾਸੋਂ ਹੀ ਟੇਕ ਸਹਾਰਾ ਪਾਇਆ ਹੈ। ਇਨਾਂ ਉਕਤ ਸਮੂਹ ਕਾਰਯਾਂ ਦੀ ਸੁਰਤਿ ਸੁਗਯਾਤ ਰੂਪ = ਅਨੁਭਵ ਕਾਰਿਣੀ ਸੱਤਾ ਹੁੰਦਿਆਂ ਹੋਇਆ ਭੀ, ਇਹ ਮੂਲੋਂ ਹੀ ਅਸਪਰਸ ਅਰਥਾਤ ਅਸੰਗ ਹੈ ਕਿਸੇ ਪ੍ਰਕਾਰ ਭੀ ਲਿਪਾਯਮਾਨ ਨਹੀਂ ਹੁੰਦੀ।

ਗੁਰਮਤਿ ਸਤਿਨਾਮ ਸਿਮਰਤ ਸਫਲ ਹੁਇ ਬੋਲਤ ਮਧੁਰ ਧੁਨਿ ਸੁੰਨ ਸੁਖਦਾਈ ਹੈ ।੧੩।

ਗੁਰਮਤਿ ਗੁਰ ਉਪਦੇਸ਼ ਅਨੁਸਾਰ ਸਤਿਨਾਮ ਵਾਹਿਗੁਰੂ ਤਾਈਂ ਅਜਪ ਜਾਪ ਰੂਪੀ ਦਸ਼ਾ ਵਿਖੇ ਸਿਮਰਤ ਜਪਦਿਆਂ ਤਥਾ ਸੁਣਨ ਵਿਖੇ ਸੁਖਦਾਈ ਮਿਠੀ ਮਿਠੀ ਧੁਨੀ ਆਵਾਜ਼ ਉਚਾਰਦਿਆਂ ਇਹ ਅਪਨੇ ਸੁਰਤ ਨਾਮ ਵਿਖੇ ਸਫਲ ਹੋਂਦੀ ਹੈ ॥੧੩॥


Flag Counter