ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 634


ਜੈਸੇ ਕੇਲਾ ਬਸਤ ਬਬੂਰ ਕੈ ਨਿਕਟ ਤਾਂਹਿ ਸਾਲਤ ਹੈਂ ਸੂਰੈਂ ਆਪਾ ਸਕੈ ਨ ਬਚਾਇ ਜੀ ।

ਜਿਵੇਂ ਕੇਲਾ ਜੋ ਕਿੱਕਰ ਦੇ ਨੇੜੇ ਵੱਸਦਾ ਹੈ ਉਸ ਨੂੰ ਕਿੱਕਰ ਦੀਆਂ ਸੂਲਾਂ ਵਿੰਨ੍ਹ ਸੁੱਟਦੀਆਂ ਹਨ ਤੇ ਉਹ ਆਪਾ ਬਚਾ ਨਹੀਂ ਸਕਦਾ।

ਜੈਸੇ ਪਿੰਜਰੀ ਮੈ ਸੂਆ ਪੜਤ ਗਾਥਾ ਅਨੇਕ ਦਿਨਪ੍ਰਤਿ ਹੇਰਤਿ ਬਿਲਾਈ ਅੰਤਿ ਖਾਇ ਜੀ ।

ਜਿਵੇਂ ਛੋਟੇ ਪਿੰਜਰੇ ਵਿਚ ਤੋਤਾ ਅਨੇਕ ਗੱਲਾਂ ਪੜ੍ਹਦਾ ਹੈ, ਪਰ ਬਿੱਲੀ ਹਰ ਰੋਜ਼ ਉਸ ਨੂੰ ਦੇਖਦੀ ਰਹਿੰਦੀ ਹੈ ਅੰਤ ਦਾਅ ਲੱਗਣ ਤੇ ਉਸ ਨੂੰ ਖਾ ਜਾਂਦੀ ਹੈ।

ਜੈਸੇ ਜਲ ਅੰਤਰ ਮੁਦਤ ਮਨ ਹੋਤ ਮੀਨ ਮਾਸ ਲਪਟਾਇ ਲੇਤ ਬਨਛੀ ਲਗਾਇ ਜੀ ।

ਜਿਵੇਂ ਪਾਣੀ ਅੰਦਰ ਮੱਛੀ ਪ੍ਰਸੰਨ ਮਨ ਹੁੰਦੀ ਹੈ, ਪਰ ਸ਼ਿਕਾਰੀ ਬੰਸੀ ਨਾਲ ਮਾਸ ਚਮੋੜਕੇ ਤੇ ਪਾਣੀ ਵਿਚ ਬੰਸੀ ਲਾ ਕੇ ਮੱਛੀ ਨੂੰ ਫੜ ਲੈਂਦਾ ਹੈ।

ਬਿਨ ਸਤਿਗੁਰ ਸਾਧ ਮਿਲਤ ਅਸਾਧ ਸੰਗਿ ਅੰਗ ਅੰਗ ਦੁਰਮਤਿ ਗਤਿ ਪ੍ਰਗਟਾਇ ਜੀ ।੬੩੪।

ਤਿਵੇਂ ਸਾਧੂ ਸਤਿਗੁਰੂ ਤੋਂ ਬਿਨਾਂ ਅਸਾਧੂਆਂ ਖੋਟੇ ਪੁਰਸ਼ਾਂ ਨਾਲ ਮਿਲਿਆਂ ਅੰਗ ਅੰਗ ਵਿਚ ਦੁਰਮਤ ਦੀ ਦੁਰਗਤੀ ਪ੍ਰਗਟ ਹੋ ਪੈਂਦੀ ਹੈ ॥੬੩੪॥


Flag Counter