ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 256


ਮਧੁਰ ਬਚਨ ਸਮਸਰਿ ਨ ਪੁਜਸ ਮਧ ਕਰਕ ਸਬਦਿ ਸਰਿ ਬਿਖ ਨ ਬਿਖਮ ਹੈ ।

ਮਿੱਠੇ ਬਚਨ ਦੀ ਸਮਸਰੀ ਬ੍ਰੋਬਰੀ ਵਿਚ ਸ਼ਹਿਦ ਅੰਮ੍ਰਿਤ ਭੀ ਨਹੀਂ ਪੁਗ ਸਕਦਾ, ਅਤੇ ਕਰਕ ਕਠੋਰ ਕੁਰੁਖੇ ਵਾ ਚੁਭਵੇਂ ਸਬਦ ਬੋਲ ਸਰਿ ਸ੍ਰੀਖੀ ਭ੍ਯਾਨਕ ਵਿਖ ਕਾਲ ਕੂਟ ਭੀ ਨਹੀਂ ਹੁੰਦੀ।

ਮਧੁਰ ਬਚਨ ਸੀਤਲਤਾ ਮਿਸਟਾਨ ਪਾਨ ਕਰਕ ਸਬਦ ਸਤਪਤ ਕਟੁ ਕਮ ਹੈ ।

ਮਿੱਠਾ ਬਚਨ ਸੀਤਲਤਾ ਠੰਢਕ ਸ਼ਾਂਤੀ ਵਾ ਤ੍ਰਿਪਤੀ ਨੂੰ ਉਪਜੌਨ ਹਾਰਾ ਮਧੁਰ ਆਹਾਰ ਜਲ ਸਮਾਨ ਆਦਰ ਜੋਗ ਹੁੰਦਾ ਹੈ, ਅਰੁ ਕਠੋਰ ਬੋਲੀ ਸ+ਤਪਤ ਸਹਿਤ ਤਪਤ ਦੇ ਸੰਤਾਪ ਦਾਹ ਉਤਪੰਨ ਕਰਣ ਹਾਰੀ ਕੌੜੱਤਨ ਵਰਗੀ ਹੁੰਦੀ ਹੈ। ਕਟੁ ਕਮ ਸਬਦ ਕਟੁਕੰ ਦੀ ਬਜਾਯ ਵਰਤ੍ਯਾ ਹੈ ਅਤੇ ਕਟੁਕੀ ਕੌੜ ਗੰਦਲ ਦਾ ਨਾਮ ਹੈ।

ਮਧੁਰ ਬਚਨ ਕੈ ਤ੍ਰਿਪਤਿ ਅਉ ਸੰਤੋਖ ਸਾਂਤਿ ਕਰਕ ਸਬਦ ਅਸੰਤੋਖ ਦੋਖ ਸ੍ਰਮ ਹੈ ।

ਮਿੱਠੇ ਬਚਨ ਕਰ ਕੇ ਸੁਨਣ ਹਾਰੇ ਨੂੰ ਰੱਜ ਆ ਜਾਂਦਾ ਹੈ ਅਤੇ ਸੰਤੋਖ ਧ੍ਯਾ ਢਾਰਸ ਬੱਝ ਔਂਦੀ ਤਥਾ ਸ਼ਾਂਤੀ ਨਿਰਸੰਕਪਲਤਾ ਬੇਫਿਕਰੀ ਪ੍ਰਾਪਤ ਹੁੰਦੀ ਹੈ, ਪ੍ਰੰਤੂ ਕੌੜੀ ਬੋਲੀ ਚਿੱਤ ਅੰਦਰ ਅਸੰਤੋਖ ਅਧੀਰਜਤਾ ਪੈਦਾ ਕਰਦੀ ਤੇ ਦੁਖੀ ਬਣੌਂਦੀ ਹੈ ਅਰੁ ਸੁਣਨਹਾਰੇ ਨੂੰ ਸ੍ਰਮ ਖੇਦ ਦਿੰਦੀ ਹੈ।

ਮਧੁਰ ਬਚਨ ਲਗਿ ਅਗਮ ਸੁਗਮ ਹੋਇ ਕਰਕ ਸਬਦ ਲਗਿ ਸੁਗਮ ਅਗਮ ਹੈ ।੨੫੬।

ਮਿੱਠੇ ਬਚਨ ਲਗਿ ਪਿਛੇ ਤਾਂ ਅਗੰਮ ਨਾ ਹੋ ਸਕਨ ਵਾਲਾ ਵਾ ਕਠਿਨ ਹੋ ਸਕਨ ਵਾਲਾ ਕਾਰਜ ਭੀ ਸੁਗਮ ਸੁਖੱਲਾ ਬਣ ਜਾਂਦਾ ਹੈ ਅਤੇ ਕੌੜੀ ਬਾਣੀ ਲਗਿ ਕਾਰਣ ਅਸਾਨ ਸੁਖੈਣ ਤੋਂ ਆਸਾਨ ਕੰਮ ਭੀ ਅਗਮ ਔਖਾ ਹੋ ਜਾਇਆ ਕਰਦਾ ਹੈ। ਸੁਖੈਣ ਤਾਂ ਤੇ ਸਤਿਸੰਗੀ ਗੁਰਮੁਖ ਸਦੀਵ ਕਾਲ ਮਿੱਠਾ ਹੀ ਮਿੱਠਾ ਬੋਲੇ, ਕੌੜੀ ਬਾਣੀ ਭੁੱਲ ਕੇ ਭੀ ਨਾ ਉਚਾਰੇ ॥੨੫੬॥