ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 52


ਗੁਰਮੁਖਿ ਮਨ ਬਚ ਕਰਮ ਇਕਤ੍ਰ ਭਏ ਅੰਗ ਅੰਗ ਬਿਸਮ ਸ੍ਰਬੰਗ ਮੈ ਸਮਾਏ ਹੈ ।

ਜੇਹੜੇ ਗੁਰਮੁਖ ਮਨ ਬਾਣੀ ਸਰੀਰ ਕਰ ਕੇ ਇਕਤ੍ਰ ਇਕ +ਅਤ੍ਰ = ਇਕ ਮਾਤ੍ਰ ਇਸ ਅਵਸਥਾ ਵਿਖੇ ਹੀ ਇਕ ਰੂਪ ਹੋ ਗਏ ਹਨ ਸਰਬੰਗ ਸਰਬ ਸਰੂਪੀ ਪਾਰ ਬ੍ਰਹਮ ਮੈਂ ਸਮਾਏ ਲਿਵ ਲੀਨ ਹੋਏ ਹੋਏ ਅੰਗ ਅੰਗ ਬਿਸਮ ਹੈ ਰੋਮ ਰੋਮ ਕਰ ਕੇ ਅਚਰਜ ਰੂਪ ਹੋਏ ਰਹਿੰਦੇ ਹਨ। ਭਾਵ ਰੋਮ ਰੋਮ ਓਨਾਂ ਦਾ ਮੌਲਿਆ ਰਹਿੰਦਾ ਹੈ।

ਪ੍ਰੇਮ ਰਸ ਅੰਮ੍ਰਿਤ ਨਿਧਾਨ ਪਾਨ ਕੇ ਮਦੋਨ ਰਸਨਾ ਥਕਤ ਭਈ ਕਹਿਤ ਨ ਆਏ ਹੈ ।

ਪ੍ਰੇਮ ਰਸ ਰੂਪ ਅਨੁਭਵ ਦੇ ਨਿਧਾਨ ਭੰਡਾਰ ਸੋਮੇਂ ਵਿਖੋਂ ਅੰਮ੍ਰਤ ਪਾਨ ਕੈ ਛਕ ਛਕ ਕੇ ਮਦੋਨ ਮਦਮਸਤ ਮਸਤ ਅਲਮਸਤ ਘੂਰਮ ਹੋਏ ਰਹਿੰਦੇ ਹਨ ਤੇ ਇਸੇ ਸ੍ਵਾਦ ਕਾਰਣ ਰਸਨਾ ਥਕਿਤ ਅਚਰਜ ਭਾਵ ਵਿਖੇ ਹੁੱਟੀ ਹੋਈ ਰਹਿੰਦੀ ਹੈ ਓਸ ਪਾਸੋਂ ਆਖਿਆ ਨਹੀਂ ਜਾ ਸਕਦਾ।

ਜਗਮਗ ਪ੍ਰੇਮ ਜੋਤਿ ਅਤਿ ਅਸਚਰਜ ਮੈ ਲੋਚਨ ਚਕਤ ਭਏ ਹੇਰਤ ਹਿਰਾਏ ਹੈ ।

ਐਸਾ ਹੀ ਜਗਮਗ ਜਗਮਗ ਇਕ ਰਸ ਲਟਲਟ ਪ੍ਰਕਾਸ਼ ਕਰ ਰਹੀ ਅਤ੍ਯੰਤ ਅਸਚਰਜ ਰੂਪ ਜੋਤੀ ਦੇ ਪ੍ਰੇਮ ਵਿਖੇ ਤਕਦੇ ਤਕਦੇ ਨੇਤ੍ਰ ਹੈਰਾਨ ਹੋਏ ਹੋਏ ਹਿਰਾਇ ਹੈ ਹੁੱਟ ਗਏ ਹਨ ਅਰਥਾਤ ਦ੍ਵੈਤ ਭਾਵ ਵੱਲ ਖਿਚੀਨੋਂ ਬਸ ਬਸ ਹੋ ਜਾਂਦੇ ਹਨ।

ਰਾਗ ਨਾਦ ਬਾਦ ਬਿਸਮਾਦ ਪ੍ਰੇਮ ਧੁਨਿ ਸੁਨਿ ਸ੍ਰਵਨ ਸੁਰਤਿ ਬਿਲੈ ਬਿਲੈ ਬਿਲਾਏ ਹੈ ।੫੨।

ਇਞੇਂ ਹੀ ਬਿਸਮਾਦ ਅਚੰਭਾ ਕਰਣ ਹਾਰੀ ਪ੍ਰੇਮ ਧੁਨੀ ਨੂੰ ਸੁਣ ਸੁਣ ਕੇ ਰਾਗਾਂ ਦੀਆਂ ਨਾਦਾਂ ਸ੍ਰੋਦਾਂ ਅਰੁ ਬਾਜਿਆਂ ਦੇ ਸੁਨਣ ਵੱਲੋਂ ਸ੍ਰਵਨ ਸੁਰਤਿ ਕੰਨਾਂ ਦੀ ਸੁਨਣਹਾਰੀ ਸ਼ਕਤੀ ਭੀ ਬਿਲੈ ਬਿਲੇ ਲਗ ਜਾਂਦੀ ਬਸ ਨਾਸ਼ ਹੋ ਜਾਂਦੀ ਹੈ ਤੇ ਓੜਕ ਨੂੰ ਬਿਲੈ ਵਿਲੀਨਤਾ ਸ੍ਵਯੰ ਲਿਵ ਭੀ ਬਿਲਾਏ ਹੈ ਵਿਨਸ਼ਟ ਹੋ ਜਾਯਾ ਕਰਦੀ ਹੈ ॥੫੨॥