ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 355


ਜਨਨੀ ਸੁਤਹਿ ਜਉ ਧਿਕਾਰ ਮਾਰਿ ਪਿਆਰੁ ਕਰੈ ਪਿਆਰ ਝਿਰਕਾਰੁ ਦੇਖਿ ਸਕਤ ਨ ਆਨ ਕੋ ।

ਮਾਤਾ ਪੁਤਰ ਨੂੰ ਜੇਕਰ ਧਿਕਾਰ ਫਿਟਕਾਰ ਕੇ ਨਿਰਾਦਰ ਕਰ ਕੇ ਮਾਰੇ ਤੇ ਮੁੜ ਪ੍ਯਾਰ ਕਰੇ ਅਰਥਾਤ ਗਲ ਨਾਲ ਲਾਵੇ ਤਾਂ ਸਭ ਤਰ੍ਹਾਂ ਪੁਤ੍ਰ ਓਸੇ ਦਾ ਹੈ ਤੇ ਅਜੇਹਾ ਵਰਤਾਰਾ ਉਹ ਆਪ ਹੀ ਵਰਤਦੀ ਹੈ ਪਰ ਜੇਕਰ ਕੋਈ ਦੂਸਰਾ ਉਸ ਬਾਲਕ ਨਾਲ ਐਕੂੰ ਕਰਨਾ ਚਾਹੇ ਤਾਂ ਪ੍ਯਾਰ ਆਦਰ ਵਾ ਧਿਰਕਾਰ ਨਿਆਦਰ ਦੂਏ ਕਿਸੇ ਦਾ ਕਦੀ ਨਹੀਂ ਸਹਾਰ ਸਕ੍ਯਾ ਕਰਦੀ।

ਜਨਨੀ ਕੋ ਪਿਆਰੁ ਅਉ ਧਿਕਾਰ ਉਪਕਾਰ ਹੇਤ ਆਨ ਕੋ ਧਿਕਾਰ ਪਿਆਰ ਹੈ ਬਿਕਾਰ ਪ੍ਰਾਨ ਕੋ ।

ਕ੍ਯੋਂ ਜੁ ਮਾਂ ਦਾ ਪ੍ਯਾਰ ਤਥਾ ਫਿਟਕਾਰ ਦੋਵੇਂ ਹੀ ਬਾਲਕ ਦੇ ਭਲੇ ਦੀ ਖਾਤਰ ਹੁੰਦੇ ਹਨ, ਪਰੰਤੂ ਦੂਸਰੇ ਦੀ ਫਿਟਕਾਰ ਵਾ ਪ੍ਯਾਰ ਉਸਦੇ ਪ੍ਰਾਣਾਂ ਦਾ ਬਿਕਾਰ ਖੌ ਹੁੰਦਾ ਹੈ ਕ੍ਯੋਂਕਿ ਦੂਏ ਅੰਦਰ ਉਹ ਦਰਦ ਨਹੀਂ।

ਜੈਸੇ ਜਲ ਅਗਨਿ ਮੈ ਪਰੈ ਬੂਡ ਮਰੈ ਜਰੈ ਤੈਸੇ ਕ੍ਰਿਪਾ ਕ੍ਰੋਪ ਆਨਿ ਬਨਿਤਾ ਅਗਿਆਨ ਕੋ ।

ਜਿਸ ਤਰ੍ਹਾਂ ਜਲ ਵਿਚ ਪਿਆਂ ਕੁੱਦਿਆਂ ਡੁੱਬ ਮਰੀਦਾ ਹੈ ਚਾਹੇ ਉਹ ਠੰਢਾ ਹੈ ਅਰੁ ਅੱਗ ਵਿਚ ਪਿਆਂ ਸੜ ਮਰੀਦਾ ਹੈ ਕ੍ਯੋਂਕਿ ਉਹ ਤੱਤੀ ਹੁੰਦੀ ਹੈ। ਇਸੇ ਤਰ੍ਹਾਂ ਆਨ ਬਨਿਤਾ ਦੂਸਰੀ ਇਸਤ੍ਰੀ ਹੋਰ ਹੋਰ ਮਤਾਂ ਤੇ ਗੁਰੂ ਲੋਕਾਂ ਵਾ ਆਗੂਆਂ ਰਿਖੀਆਂ ਮੁਨੀਆਂ ਦੀ ਚਾਹੇ ਹੋਵੇ ਕ੍ਰਿਪਾ ਤੇ ਚਾਹੇ ਕ੍ਰੋਪੀ ਅਰਥਾਤ ਵਰ ਸ੍ਰਾਪ ਇਹ ਸਭ ਅਗ੍ਯਾਨ ਦਾ ਮੂਲ ਹੈ।

ਤੈਸੇ ਗੁਰਸਿਖਨ ਕਉ ਜੁਗਵਤ ਜਤਨ ਕੈ ਦੁਬਿਧਾ ਨ ਬਿਆਪੈ ਪ੍ਰੇਮ ਪਰਮ ਨਿਧਾਨ ਕੋ ।੩੫੫।

ਤਿਸੀ ਪ੍ਰਕਾਰ ਹੀ (ਮਾਤਾ ਵਾਕੂੰ ) ਗੁਰੂ ਮਹਾਰਾਜ ਸਿੱਖਾਂ ਨੂੰ ਸੰਭਾਲਣ ਦਾ ਜਤਨ ਕਰਦੇ ਹਨ। (ਪ੍ਰੇਮ ਦੇ ਸਮੇਂ ਕ੍ਰਿਪਾ ਦ੍ਵਾਰੇ, ਅਰ ਵਿਕਾਰੀ ਦਸ਼ਾ ਤੱਕਿਆਂ ਕ੍ਰੋਪੀ ਦ੍ਵਾਰੇ, ਇਹ ਦੋਨੋ ਭਾਵ ਹੀ ਸਿੱਖ ਦੀ ਕਲਿਆਣ ਖਾਤਰ ਹੀ ਹੁੰਦੇ ਹਨ।) ਕ੍ਯੋਂਕਿ ਪਰਮ ਪ੍ਰੇਮ ਦੇ ਭੰਡਾਰ ਸਾਗਰ ਰੂਪ ਸਤਿਗੁਰਾਂ ਦੇ ਅੰਦਰ ਦੁਬਿਧਾ ਦੁਚਿਤਾਈ ਕਦੀ ਵਰਤਿਆ ਹੀ ਨਹੀਂ ਕਰਦੀ ਭਾਵ ਉਹ ਤਾਂ ਸਦੀਵ ਕਾਲ ਇੱਕ ਸਮ ਕ੍ਰਿਪਾਲੂ ਹੀ ਹੁੰਦੇ ਹਨ, ਪਰ ਸਿੱਖ ਦੇ ਭਲੇ ਖਾਤਰ ਸਮੇਂ ਸਮੇਂ ਸਿੱਖ ਯੋਗ੍ਯ ਭਾਣ ਨੂੰ ਵਰਤਾਇਆ ਕਰਦੇ ਹਨ ॥੩੫੫॥