ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 288


ਹਾਰਿ ਮਾਨੀ ਝਗਰੋ ਮਿਟਤ ਰੋਸ ਮਾਰੇ ਸੈ ਰਸਾਇਨ ਹੁਇ ਪੋਟ ਡਾਰੇ ਲਾਗਤ ਨ ਡੰਡੁ ਜਗ ਜਾਨੀਐ ।

ਰੋਸ ਮਾਰੇ ਆਦਮੀ ਪਾਸੋਂ ਹਾਰ ਮੰਨ ਲਿਆਂ ਝਗੜਾ ਮਿਟ ਜਾਂਦਾ ਹੈ ਜੀਕੂੰ ਸਿਰ ਤੋਂ ਪੰਡ ਸੁੱਟ ਦਿੱਤਿਆਂ ਮਸੂਲ ਨਹੀਂ ਭਰਣਾ ਪਿਆ ਕਰਦਾ, ਤੀਕੂੰ ਹੀ ਹਉਮੈਂ ਦੀ ਅਣਖ ਵਾ ਆਕੜ ਛਡ ਦਿੱਤਿਆਂ ਰਸਾਂ ਦੇ ਅਸਥਾਨ ਬਣ ਜਾਈਦਾ ਹੈ ਤੇ ਜਮ ਦਾ ਡੰਡ ਵਾ ਬਿਧੀ ਨਿਖੇਧ ਦਾ ਕਰ ਹਾਲਾ ਨਹੀਂ ਭਰਣਾ ਪਿਆ ਕਰਦਾ ਜਿਸ ਗੱਲ ਨੂੰ ਸਾਰਾ ਜਗਤ ਹੀ ਜਾਣਦਾ ਹੈ।

ਹਉਮੇ ਅਭਿਮਾਨ ਅਸਥਾਨ ਊਚੇ ਨਾਹਿ ਜਲੁ ਨਿਮਤ ਨਵਨ ਥਲ ਜਲੁ ਪਹਿਚਾਨੀਐ ।

ਹਉਮੈ ਪ੍ਰਗਟ ਹੰਕਾਰ ਸਥੂਲ ਹੰਕਾਰ ਅਰੁ ਅਭਿਮਾਨ ਸੂਖਮ ਹੰਕਾਰ ਰਿਦੇ ਅੰਦਰ ਦਾ ਇਸ ਸਥੂਲ ਸੂਖਮ ਹੰਕਾਰ ਦਾ ਅਸਥਾਨ = ਟਿਕਿਆ ਹੋਵੇ ਜਿਹੜਾ ਮਨੁੱਖ, ਉਸ ਉੱਚੇ ਟਿਕਾਣੇ ਟਿੱਬੇ ਉਪਰ ਵਾਹਿਗੁਰੂ ਅੰਤਰਯਾਮੀ ਦੀਆਂ ਬਰਕਤਾਂ ਦਾ ਜਲ ਨਹੀਂ ਟਿਕਿਆ ਰਹਿ ਸਦਾ, ਕ੍ਯੋਂਕਿ ਇਹ ਗੱਲ ਮੰਨੀ ਪ੍ਰਮੰਨੀ ਹੈ ਕਿ ਨਿਮਤ ਨੀਊਂਦਾ ਵਗਦਾ ਹੈ ਜਲ 'ਨਵਨ ਥਲਿ' ਨਿਵਾਨ ਵਾਲੇ ਪਾਸੇ ਵੱਲ ਹੀ ਪਛਾਣ ਰਖੋ, ਐਸੇ।

ਅੰਗ ਸਰਬੰਗ ਤਰਹਰ ਹੋਤ ਹੈ ਚਰਨ ਤਾ ਤੇ ਚਰਨਾਮ੍ਰਤ ਚਰਨ ਰੇਨ ਮਾਨੀਐ ।

ਦੇਖੋ! ਸਾਰਿਆਂ ਅੰਗਾਂ ਤੋਂ ਅਤ੍ਯੰਤ ਥੱਲੇ ਪੈਰਾਂ ਦਾ ਅੰਗ ਹੁੰਦਾ ਹੈ ਇਸੇ ਕਰ ਕੇ ਹੀ ਇਨਾਂ ਚਰਣਾਂ ਦਾ ਧੋਣ ਚਰਣ ਅੰਮ੍ਰਿਤ ਸਰੂਪ ਮੰਨਿਆ ਜਾਂਦਾ ਹੈ, ਏਨਾਂ ਨੂੰ ਸਪਰਸ਼ੀ ਛੋਹੀ ਹੋਈ ਧੂਲੀ ਆਦਰ ਨੂੰ ਪ੍ਰਾਪਤ ਹੁੰਦੀ ਹੈ।

ਤੈਸੇ ਹਰਿ ਭਗਤ ਜਗਤ ਮੈ ਨਿੰਮਰੀਭੂਤ ਜਗ ਪਗ ਲਗਿ ਮਸਤਕਿ ਪਰਵਾਨੀਐ ।੨੮੮।

ਤਿਸੀ ਪ੍ਰਕਾਰ ਹੀ ਜਗਤ ਅੰਦਰ ਹਰੀ ਦੇ ਭਗਤ ਵਾਹਿਗੁਰੂ ਦੇ ਪਿਆਰੇ ਨਿੰਮ੍ਰਤਾ ਦਾ ਸਰੂਪ ਹੋਏ ਰਹਿੰਦੇ ਹਨ ਤੇ ਏਸੇ ਕਰ ਕੇ ਹੀ ਜਗਤ ਅਪਣਾ ਮੱਥਾ ਸਿਰ ਓਨਾਂ ਦੇ ਚਰਣਾਂ ਨੂੰ ਲਗੌਨਾ ਪ੍ਰਵਾਣ ਕਰ ਰਿਹਾ ਹੈ ॥੨੮੮॥


Flag Counter