ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 205


ਸੁਪਨ ਚਰਿਤ੍ਰ ਚਿਤ੍ਰ ਬਾਨਕ ਬਨੇ ਬਚਿਤ੍ਰ ਪਾਵਨ ਪਵਿਤ੍ਰ ਮਿਤ੍ਰ ਆਜ ਮੇਰੋ ਆਏ ਹੈ ।

ਸੁਪਨੇ ਦੇ ਚਰਿਤ੍ਰ ਚੇਸ਼ਟਾ ਸਮਾਨ ਚਿਤ੍ਰ ਸਰੂਪ ਵਾਲਾ ਬਾਨਕ, ਵੇਸ ਵ੍ਯੋਂਤ ਬਾਣਾ ਬਣਾਯਾ ਹੋਯਾ ਅਰਥਾਤ ਢਾਲਿਆ ਹੋਯਾ ਹੈ ਜਿਨ੍ਹਾਂ ਨੇ ਬਚਿਤ੍ਰ ਅਦਭੁਤ ਇਕ ਰੰਗ ਵਿਚ ਅਨੇਕ ਰੰਗ ਦਿਖਾਣ ਵਾਲਾ, ਐਸੇ ਸਭ ਦੇ ਮਿਤ੍ਰ ਦਿਲ ਲੈ ਕੇ ਦਿਲ ਦੇਣ ਵਾਲੇ ਸਤਿਗੁਰੂ ਜੋ ਆਪ ਪਵਿਤ੍ਰ ਸ੍ਵੱਛ ਸੁੱਧ ਸਰੂਪ ਹਨ ਤੇ ਹੋਰਨਾਂ ਜਗ੍ਯਾਸੂਆਂ ਸਿੱਖਾਂ ਸੇਵਕਾਂ ਸਰਣਾਗਤਾਂ ਨੂੰ ਨਿਰਮਲ ਨਿਸ਼ਪਾਪ ਨਿਹਕਲੰਕ ਨਿਰਦੋਖ ਬਨਾਣਹਾਰੇ ਪਾਵਨ ਹਨ ਉਹ ਪਰਮ ਪ੍ਰਕਾਸ਼ ਰੂਪ ਗੁਰੂ ਮਹਾਰਾਜ ਅੱਜ ਇਸ ਦਿਨ ਇਸ ਜਨਮ ਵਿਖੇ ਮੋਰੇ ਮੇਰੇ ਆਪ ਦੇ ਘਰ ਆਏ ਸਾਖ੍ਯਾਤਕਾਰਿਤਾ ਨੂੰ ਪ੍ਰਾਪਤ ਹੋਏ ਹਨ।

ਪਰਮ ਦਇਆਲ ਲਾਲ ਲੋਚਨ ਬਿਸਾਲ ਮੁਖ ਬਚਨ ਰਸਾਲ ਮਧੁ ਮਧੁਰ ਪੀਆਏ ਹੈ ।

ਬਿਰਹਾਤੁਰ ਮਗਨਾਨੀ ਦਸ਼ਾ ਵਿਚ ਬਾਰੰਬਾਰ ਝਲਕਾ ਦੇਣ ਕਰ ਕੇ ਉਹ ਅਤ੍ਯੰਤ ਕਰ ਕੇ ਦਯਾ ਦੇ ਮੰਦਰ ਹਨ। ਅਤ ਲਾਲ ਪ੍ਯਾਰੇ ਮਨ ਭੌਂਦੇ ਵਾ ਮਸਤਾਨੇ ਨੇਤ੍ਰ ਬਿਸਾਲ ਖਿੜੇ ਹੋਏ ਹਨ ਜਿਨਾਂ ਦੇ ਅਥਵਾ ਬਿਸਾਲ ਚੌੜਾ ਪ੍ਰਫੁਲਿਤ ਹੋਯਾ ਹੋਯਾ ਹੈ ਜਿਨਾਂ ਦਾ ਮੁਖ ਚਿਹਰਾ, ਅਤੇ ਜੋ ਐਸੇ ਮੁਖ ਥੀਂ ਰਸ ਪ੍ਯਾਰ ਆਨੰਦ ਦੇ ਅਸਥਾਨ ਮਿਠੇ ਮਿਠੇ ਬਚਨ ਬੋਲ ਕੇ ਮਾਨੋਂ ਅੰਮ੍ਰਿਤ ਪਿਔਂਦੇ ਹਨ।

ਸੋਭਿਤ ਸਿਜਾਸਨ ਬਿਲਾਸਨ ਦੈ ਅੰਕਮਾਲ ਪ੍ਰੇਮ ਰਸ ਬਿਸਮ ਹੁਇ ਸਹਜ ਸਮਾਏ ਹੈ ।

ਸਹਿਜ ਅਵਸਥਾ ਦਾ ਆਸਨ ਇਸਥਿਤੀ ਦਾ ਅਸਥਾਨ ਜੋ ਹਿਰਦਾ ਦਿਲ ਹੈ ਉਸ ਉਪਰ ਸੋਭਾਯਮਾਨ ਹੋ ਕੇ ਅੰਕਮਾਲ ਸੀਨੇ ਲਗਾ ਲਗਾ ਦਿਲ ਦੀਆਂ ਲੈਂਦੇ ਦਿੰਦੇ ਬਿਲਾਸਨ ਕਈ ਭਾਂਤ ਦੀਆਂ ਕ੍ਰੀੜਾ ਵਾ ਕਲੋਲ ਕੀਤੇ ਅਥਵਾ ਆਨੰਦ ਬਖਸ਼ੇ। ਤੇ ਇਸ ਤਰ੍ਹਾਂ ਪ੍ਰੇਮ ਰਸ ਕਰ ਕੇ ਬਿਸਮ ਆਪ੍ਯੋਂ ਬਾਹਰ ਹੋਏ ਅਰਥਾਤ ਸਧਾਰਣ ਜੀਵਾਂ ਦੀ ਸਮਤਾ ਤੋਂ ਟੱਪੇ ਹੋਏ ਮੈਨੂੰ ਅਪਣੇ ਸਹਜ ਵਿਚ ਸਮਾ ਲੀਣ ਕਰ ਲਿਆ।

ਚਾਤ੍ਰਿਕ ਸਬਦ ਸੁਨਿ ਅਖੀਆ ਉਘਰਿ ਗਈ ਭਈ ਜਲ ਮੀਨ ਗਤਿ ਬਿਰਹ ਜਗਾਏ ਹੈ ।੨੦੫।

ਜਿਸ ਅਵਸਥਾ ਵਿਚੋਂ *ਜੈ ਜੈ ਸਬਦ ਅਨਾਹਦ ਬਾਜੇ। ਸੁਣਿ ਸੁਣਿ ਆਨੰਦ ਕਰੇ ਪ੍ਰਭੁ ਗਾਜੇ। ਪ੍ਰਗਟੇ ਗੋਪਾਲ ਮਹਾਤ ਕੈ ਮਾਥੇ ॥…* ਬਚਨ ਅਨੁਸਾਰ ਚਾਤ੍ਰਿਕ ਪਪੀਹੇ ਦੀ ਇਕ ਸਮ ਰਟ ਵਤ ਅਨਹਦ ਸਬਦ ਦੀ ਧੁਨੀ ਨੂੰ ਸੁਨਣ ਸਾਰ ਲਿਵਲੀਨ ਦਸ਼ਾ ਵੱਲੋਂ ਅਖੀਆਂ ਉਘੜ ਗਈਆਂ ਧਿਆਨ ਖੁਲ੍ਹ ਗਿਆ ਬਾਹਰਮੁਖੀ ਉਥਾਨ ਹੋ ਗਿਆ ਜਦ ਕਿ ਜਲ ਵਿਚ ਲੀਨ ਗਰਕ ਹੋਈ ਹੋਈ ਮਛੀ ਦੇ ਸ੍ਵਾਦੀਕ ਪਦਾਰਥ ਦੀ ਚਾਟ ਕਾਰਣ ਉਸ ਦੇ ਜਲ ਉਪਰ ਔਣ ਵਾਕੂੰ ਮੈਨੂੰ ਭੀ ਬਿਰਹੇ ਨੇ ਜਗਾ ਦਿੱਤਾ ਭਾਵ ਉੱਥਾਨ ਕਰ ਦਿੱਤਾ ॥੨੦੫॥


Flag Counter