ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 87


ਸਤਿਗੁਰ ਚਰਨ ਸਰਨਿ ਚਲਿ ਜਾਏ ਸਿਖ ਤਾ ਚਰਨ ਸਰਨਿ ਜਗਤੁ ਚਲਿ ਆਵਈ ।

ਤਦੇ ਹੀ ਤਾਂ ਅਸੀਂ ਕਹਿੰਦੇ ਹਾਂ ਕਿ ਸਤਿਗੁਰਾਂ ਦੇ ਚਰਣਾਂ ਦੀ ਸਰਣ ਤੁਰਕੇ ਜਾਵੇ ਜਿਹੜਾ ਸਿੱਖ, ਤਿਸ ਦੇ ਚਰਣਾਂ ਦੀ ਸਰਣ ਸਾਰਾ ਜਗਤ ਚੱਲ ਕੇ ਔਂਦਾ ਹੈ। ਭਾਵ ਬ੍ਯੰਤ ਲੋਕ ਓਸ ਦੀ ਯਾਤ੍ਰਾ ਨੂੰ ਧਰਮ ਸਮਝਣ ਲਗ ਪੈਂਦੇ ਹਨ।

ਸਤਿਗੁਰ ਆਗਿਆ ਸਤਿ ਸਤਿ ਕਰਿ ਮਾਨੈ ਸਿਖ ਆਗਿਆ ਤਾਹਿ ਸਕਲ ਸੰਸਾਰਹਿ ਹਿਤਾਵਈ ।

ਫੇਰ ਜਿਹੜਾ ਸਿੱਖ ਸਤਿਗੁਰਾਂ ਦੀ ਆਗ੍ਯਾ ਨੂੰ ਸੱਚੀ ਸੱਚੀ ਕਰ ਕੇ ਮੰਨੇ ਤਾਹਿ ਆਗਿਆ ਤਿਸ ਦੀ ਆਗ੍ਯਾ ਸਾਰੇ ਸੰਸਾਰ ਨੂੰ ਹੀ ਹਿਤਾਵਈ ਭਲੀ ਲਗਦੀ ਹੈ ਕਲ੍ਯਾਨ ਕਰਤਾ ਜਾਪਦੀ ਹੈ।

ਸਤਿਗੁਰ ਸੇਵਾ ਭਾਇ ਪ੍ਰਾਨ ਪੂਜਾ ਕਰੈ ਸਿਖ ਸਰਬ ਨਿਧਾਨ ਅਗ੍ਰਭਾਗਿ ਲਿਵ ਲਾਵਈ ।

ਸਤਿਗੁਰਾਂ ਦੇ ਸੇਵਾ ਭਾਵ ਸੇਵਾ ਦੇ ਚਾਉ ਵਿਖੇ ਜਿਹੜਾ ਕੋਈ ਸਿੱਖ ਪ੍ਰਾਨ ਪੂਜਾ ਕਰੈ ਅਪਣੇ ਪ੍ਰਾਣ ਭੀ ਅਰਪਣ ਕਰਨੋਂ ਸੰਕੋਚ ਨਾ ਕਰੇ। ਅਥਵਾ ਸ੍ਵਾਸ ਸ੍ਵਾਸ ਸਤਿਗੁਰਾਂ ਦੀ ਸੇਵਾ ਦੇ ਭਾਇ ਪ੍ਰੇਮ ਨੂੰ ਨਿਬਾਹ ਲਵੇ। ਸੰਪੂਰਣ ਨਿਧਾਨ ਨਿਧੀਆਂ ਬ੍ਰਹਮੰਡਾਂ ਖੰਡਾਂ ਦੇ ਖਜ਼ਾਨੇ ਓਸ ਦੇ ਅਗ੍ਰਭਾਗ ਸਨਮੁਖ ਲਿਵ ਲਾਵਈ ਤਾਂਘ ਲਗਾਈ ਖੜੇ ਰਹਿੰਦੇ ਹਨ।

ਸਤਿਗੁਰ ਸੀਖਿਆ ਦੀਖਿਆ ਹਿਰਦੇ ਪ੍ਰਵੇਸ ਜਾਹਿ ਤਾ ਕੀ ਸੀਖ ਸੁਨਤ ਪਰਮਪਦ ਪਾਵਈ ।੮੭।

ਅਰੁ ਇਸੀ ਪ੍ਰਕਾਰ ਗੁਰੂ ਮਹਾਰਾਜ ਦੇ ਘਰ ਦੀ ਉਪਦੇਸ਼ ਦੇਣ ਦੀ ਰੀਤੀ ਰੂਪ ਦੀਖ੍ਯਾ ਦ੍ਵਾਰੇ ਪ੍ਰਾਪਤ ਹੋਈ ਸੀਖਿਆ ਸਿਖਿਆ ਉਪਦੇਸ਼ ਜਾਹਿ ਜਿਸ ਸਿੱਖ ਦੇ ਹਿਰਦੇ ਵਿਚ ਪਵੇਸ਼ ਸਮਾਈ ਪਾ ਲਵੇ, ਤਿਸ ਦੀ ਸਿਖ੍ਯਾ ਨੂੰ ਸੁਣਨਹਾਰੇ ਸਭਹੀ ਪਰਮਪਦ ਕੈਵਲ ਭਾਵੀ ਮੋਖ ਨੂੰ ਪ੍ਰਾਪਤ ਹੋ ਜਾਯਾ ਕਰਦੇ ਹਨ ॥੮੭॥


Flag Counter