ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 304


ਅਗਮ ਅਪਾਰ ਦੇਵ ਅਲਖ ਅਭੇਵ ਅਤਿ ਅਨਿਕ ਜਤਨ ਕਰਿ ਨਿਗ੍ਰਹ ਨ ਪਾਈਐ ।

ਅਤਿ ਅਤਿਸੈ ਕਰ ਕੇ ਜੋ ਮਨ ਬੁਧੀ ਤਥਾ ਬਾਣੀ ਦੀ ਗੰਮਤਾ ਵਿਖੇ ਨਹੀਂ ਆ ਸਕਦਾ, ਤੇ ਜੋ ਪਾਰਾਵਾਰ ਤੋਂ ਰਹਤ ਲਖਤਾ ਵਿਖੇ ਔਣੋਂ ਦੂਰ ਹੈ ਅਤੇ ਭੇਵ ਮਰਮ ਜਿਸ ਦਾ ਨਹੀਂ ਪਾਇਆ ਜਾ ਸਕਦ ਐਸੇ ਦੇਵ ਪ੍ਰਕਾਸ਼ ਸਰੂਪ ਪਾਰ ਬ੍ਰਹਮ ਪਰਮਾਤਮਾ ਨੂੰ ਨਿਗ੍ਰਹ ਹਠ ਪੂਰਬਕ ਅਨੇਕਾਂ ਜਤਨਾਂ ਸਾਧਨਾਂ ਕਰ ਕੇ ਵਾ ਹਠ ਯੋਗ ਸੰਬੰਧੀ ਯਮ, ਨਿਯਮ, ਆਸਨ, ਪ੍ਰਾਣਾਯਾਮ, ਪ੍ਰਤ੍ਯਹਾਰ ਧਾਰਣਾ, ਧ੍ਯਾਨ, ਸਮਾਧੀ ਰੂਪ ਅਨੇਕਾਂ ਸਾਧਨਾਂ ਨੂੰ ਸਾਧ ਕੇ ਨਹੀਂ ਪਾ ਸਕੀਦਾ।

ਪਾਈਐ ਨ ਜਗ ਭੋਗ ਪਾਈਐ ਨ ਰਾਜ ਜੋਗ ਨਾਦ ਬਾਦ ਬੇਦ ਕੈ ਅਗਹੁ ਨ ਗਹਾਈਐ ।

ਭੋਗ ਭੋਜਨ ਜੱਗ ਪਦਾਰਥ ਅਰਪੇ ਜਾਣ ਜਿਸ ਜੱਗ ਵਿਖੇ ਐਸੇ ਬ੍ਰਹਮ ਭੋਜ ਆਦਿ ਭੰਡਾਰਿਆਂ ਦੇ ਕੀਤਿਆਂ ਭੀ ਓਹ ਨਹੀਂ ਪਾਈਦਾ ਅਰੁ ਨਾ ਹੀ ਰਾਜ ਜੋਗ ਸਬੰਧੀ ਸੁਖ ਸਾਧਨਾਂ ਨੂੰ ਸਾਧ੍ਯਾਂ ਹੀ ਪਾਯਾ ਜਾ ਸਕਦਾ ਹੈ, ਐਸਾ ਹੀ ਨਾਦ ਸ਼ਬਦ ਧੁਨੀ ਰਾਗ ਦੀਆਂ ਸੁਰਾਂ ਦੇ ਅਲਾਪ ਵਾਬਾਦ ਸਾਜ ਬਾਜ ਸੰਗੀਤ ਸਬੰਧੀ ਤਾਲ ਬਾਜੇ ਆਦਿ ਨੂੰ 'ਬੇਦ ਕੈ' ਜਾਣਕੈ ਅਥਵਾ ਬੇਦ ਪਾਠ ਕੀਤਿਆ, ਨਹੀਂ ਉਹ ਅਗਹੁ ਗ੍ਰਹਣੋਂ ਫੜਨੋਂ = ਜਾਨਣੋਂ ਰਹਤ ਗਹਾਈਐ ਗ੍ਰਹਣ ਕੀਤਾ ਫੜਿਆ ਵਾ ਜਾਣਿਆ ਜਾ ਸਕਦਾ।

ਤੀਰਥ ਪੁਰਬ ਦੇਵ ਦੇਵ ਸੇਵਕੈ ਨ ਪਾਈਐ ਕਰਮ ਧਰਮ ਬ੍ਰਤ ਨੇਮ ਲਿਵ ਲਾਈਐ ।

ਤੀਰਥਾਂ ਉਪਰ ਕੁੰਭ ਮਲ ਮਾਸ ਆਦਿ ਪਰਬ ਸਮ੍ਯਾਂ ਤੇ ਦੇਵਤਿਆਂ ਦੇ ਦੇਵਤਾ ਰੂਪ ਮਹਾਂ ਦੇਵ ਆਦਿ ਨੂੰ ਵਾ ਦੇਵੀਆਂ ਦੇਵਤਿਆਂ ਨੂੰ ਸੇਵਿਆਂ ਅਰਾਧ੍ਯਾਂ ਭੀ ਨਹੀਂ ਪਾਇਆ ਜਾਂਦਾ, ਇਵੇਂ ਹੀ ਧਰਮ ਪੁੰਨ ਦਾਨ ਆਦਿ ਕਰਮਾਂ ਦੇ ਅਥਵਾ ਇਕਾਦਸ਼ੀ ਆਦਿ ਵਰਤਾਂ ਦੇ ਨੇਮ ਪ੍ਰਣ ਵਿਚ ਲਿਵ ਲਾਇਆਂ ਪਰਚਿਆਂ ਭੀ ਨਹੀਂ ਪਾਇਆ ਜਾ ਸਕਦਾ ਹੈ।

ਨਿਹਫਲ ਅਨਿਕ ਪ੍ਰਕਾਰ ਕੈ ਅਚਾਰ ਸਬੈ ਸਾਵਧਾਨ ਸਾਧਸੰਗ ਹੁਇ ਸਬਦ ਗਾਈਐ ।੩੦੪।

ਤਾਤਪ੍ਰਯ ਕੀਹ ਕਿ ਹੋਰ ਭੀ ਜੋ ਕੋਈ ਅਨੇਕ ਭਾਂਤ ਦੇ ਸ੍ਰੇਸ਼ਟ ਆਚਰਣ ਕਰਤੱਤ ਰੂਪ ਕਰਮ ਸਾਧਨ ਹਨ; ਸੋ ਸਭ ਹੀ ਪਰਮਾਤਮਾ ਪ੍ਰਾਪਤੀ ਨਿਮਿੱਤ ਅਫਲ ਹਨ, ਇਸ ਵਾਸਤੇ ਸਾਵਧਾਨ ਹੋ ਕੇ ਜੁੱਟਕੇ ਸਾਧ ਸੰਗਤ ਕਰਦਿਆਂ ਸ਼ਬਦ ਨਾਮ ਹੀ ਗਾਯਨ ਕਰੇ ਜਪਦਾ ਰਹੇ ॥ਭਾਵ ਸਾਧ ਸੰਗਤ ਦ੍ਵਾਰੇ ਨਾਮ ਜਪਨਾ ਹੀ ਪਰਮ ਉਪਾਵ ਵਾਹਗੁਰੂ ਦੀ ਪ੍ਰਾਪਤੀ ਦਾ ਹੈ। ਜਿਹਾ ਕਿ ਪੁੰਨ ਦਾਨ ਜਪ ਤਪ ਜੇਤੇ ਸਭਊਪਰ ਨਾਮ ਆਚਾਰ ਪ੍ਰਮਾਣ ਹੈ ॥੩੦੪॥


Flag Counter