ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 217


ਜਬ ਤੇ ਪਰਮ ਗੁਰ ਚਰਨ ਸਰਨਿ ਆਏ ਚਰਨ ਸਰਨਿ ਲਿਵ ਸਕਲ ਸੰਸਾਰ ਹੈ ।

ਜਿਸ ਦਿਨ ਤੋਂ ਪਰਮ ਗੁਰੂ ਸ੍ਰੀ ਗੁਰੂ ਨਾਨਕ ਦੇਵ ਦੇ ਚਰਣਾਂ ਦੀ ਸ਼ਰਣ ਅਸੀਂ ਆਏ ਹਾਂ ਭਾਵ ਓਨਾਂ ਦੀ ਸਿੱਖੀ ਧਾਰਣ ਕੀਤੀ ਹੈ, ਅਸਾਡੇ ਚਰਣਾਂ ਦੀ ਸਰਣ ਵਿਖੇ ਸਮੂਹ ਸੰਸਾਰ ਹੀ ਲਿਵ ਲਾਲਸਾ ਧਾਰ ਰਿਹਾ ਹੈ ਅਰਥਾਤ ਜਿਥੇ ਜਿਥੇ ਭੀ ਜਾਈਏ, ਸਭ ਲੋਕ ਅਸਾਡੀ ਸੰਗਤ ਵਿਚ ਸਿੱਖੀ ਦੇ ਚਹੁਣਹਾਰੇ ਸੰਗਤੀਏ ਬਣ ਜਾਂਦੇ ਹਨ।

ਚਰਨ ਕਮਲ ਮਕਰੰਦ ਚਰਨਾਮ੍ਰਿਤ ਕੈ ਚਾਹਤ ਚਰਨ ਰੇਨ ਸਕਲ ਅਕਾਰ ਹੈ ।

ਸਤਿਗੁਰਾਂ ਦੇ ਚਰਣ ਕਮਲਾਂ ਦੀ ਧੂਲੀ ਨੂੰ ਚਰਣਾਂ ਦੇ ਅੰਮ੍ਰਿਤ ਚਰਣ ਪੌਹਲ ਛਕਦਿਆਂ, ਜਦ ਤੋਂ ਅਸਾਂ ਪਾਨ ਕੀਤਾ ਪੀਤਾ ਹੈ, ਸਕਲ ਅਕਾਰ ਪ੍ਰਾਣੀ ਮਾਤ੍ਰ ਹੀ ਅਸਾਡੇ ਚਰਣਾਂ ਦੀ ਧੂਲੀ ਨੂੰ ਚਾਹ ਰਿਹਾ ਹੈ।

ਚਰਨ ਕਮਲ ਸੁਖ ਸੰਪਟ ਸਹਜ ਘਰਿ ਨਿਹਚਲ ਮਤਿ ਪਰਮਾਰਥ ਬੀਚਾਰ ਹੈ ।

ਸੋ ਜਿਸ ਕਿਸੇ ਨੇ ਭੀ ਗੁਰੂ ਮਹਾਰਾਜ ਦੇ ਚਰਣ ਕਮਲਾਂ ਨਾਲ ਪ੍ਰੇਮ ਪਾਲਣ ਦੇ ਸੁਖ ਨੂੰ ਅਨਭਉ ਕੀਤਾ ਹੈ, ਉਹ ਸਹਜ ਘਰਿ ਸ਼ਾਂਤੀ ਪਦ ਆਤਮ ਪਦ ਵਿਖੇ ਸੰਪੁਟ ਹੋਏ ਡਬੇ ਅੰਦਰ ਸਾਂਭੀ ਵਸਤੂ ਵਤ ਸਮਾਏ ਰਹਿੰਦੇ ਹਨ ਅਤੇ ਪਰਮਾਰਥ ਪਰਮ ਪ੍ਰਯੋਜਨ ਭਰੇ ਵੀਚਾਰ ਪ੍ਰਾਇਣ ਓਨਾਂ ਦੀ ਵਰਤਨ ਹੋ ਜਾਣ ਕਾਰਣ ਓਨਾਂ ਦੀ ਮਤਿ ਮਨੋਂ ਬਿਰਤੀ ਅਡੋਲ ਹੋ ਜਾਯਾ ਕਰਦੀ ਹੈ।

ਚਰਨ ਕਮਲ ਗੁਰ ਮਹਿਮਾ ਅਗਾਧਿ ਬੋਧਿ ਨੇਤਿ ਨੇਤਿ ਨਮੋ ਨਮੋ ਕੈ ਨਮਸਕਾਰ ਹੈ ।੨੧੭।

ਅਧਿਕ ਕੀਹ ਕਹੀਏ ਸਤਿਗੁਰਾਂ ਦੇ ਚਰਣ ਕਮਲਾਂ ਦੀ ਮਹਿਮਾ ਦਾ ਬੋਧ ਬੁਧੀ ਅੰਦਰ ਲਿਆਉਣਾ ਅਗਾਧ ਰੂਪ ਨਹੀਂ ਗਾਹਿਆ ਜਾ ਸਕਣ ਵਾਲਾ ਹੈ ਤਾਂ ਤੇ ਨੇਤਿ ਨੇਤਿ ਆਖਦਾ ਹੋਯਾ ਮਨ ਬਾਣੀ ਸਰੀਰ ਕਰ ਕੇ ਬਾਰੰਬਾਰ ਨਮਸਕਾਰ ਹੀ ਕਰਦਾ ਹਾਂ ॥੨੧੭॥


Flag Counter