ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 51


ਗੁਰਮੁਖਿ ਸੰਧਿ ਮਿਲੇ ਬ੍ਰਹਮ ਧਿਆਨ ਲਿਵ ਏਕੰਕਾਰ ਕੈ ਆਕਾਰ ਅਨਿਕ ਪ੍ਰਕਾਰ ਹੈ ।

ਗੁਰਮੁਖਿ ਸੰਧਿ ਮਿਲੇ ਸੰਧਿ ਜੋੜ ਮਿਲੇ ਜੁੜੇ ਗੁਰਮੁਖ ਦੀ ਅਰਥਾਤ ਵਾਹਿਗੁਰੂ ਨਾਲ ਗੁਰਮੁਖ ਦਾ ਜੋੜ ਜੁੜਦੇ ਸਾਰ ਜਦ ਪਹਿਲੇ ਦਰਜੇ ਦਾ ਬ੍ਰਹਮ ਗਿਆਨ ਪ੍ਰਾਪਤ ਹੋ ਕੇ ਉਸ ਵਿਖੇ ਧਿਆਨ ਦੀ ਲਿਵ ਲਗਿਆ ਕਰਦੀ ਹੈ ਤਾਂ ਜਿਸ ਪ੍ਰਕਾਰ ਵਾਹਿਗੁਰੂ ਨੇ ਏਕੰਕਾਰ ਰੂਪ ਹੋ ਕੇ ਅਨੇਕ ਪ੍ਰਕਾਰ ਦੇ ਆਕਾਰ ਪਰਗਟ ਕੀਤੇ ਹਨ ਸਨ ਓਸ ਸ੍ਵਰੂਪ ਦਾ ਭਾਨ ਜਲਵਾ ਹੋਇਆ ਕਰਦਾ ਹੈ।

ਗੁਰਮੁਖਿ ਸੰਧਿ ਮਿਲੇ ਬ੍ਰਹਮ ਗਿਆਨ ਲਿਵ ਨਿਰੰਕਾਰ ਓਅੰਕਾਰ ਬਿਬਿਧਿ ਬਿਥਾਰ ਹੈ ।

ਜਦ ਦੂਸਰੇ ਦਰਜੇ ਵਿਚ ਜੋੜ ਜੁੜਿਆ ਗੁਰਮੁਖ ਉਨਤੀ ਕਰਿਆ ਕਰਦਾ ਹੈ ਤਾਂ ਬ੍ਰਹਮ ਗਿਆਨ ਦੇ ਧਿਆਨ ਵਿਚ ਅਜੇਹੀ ਲਿਵ ਨੂੰ ਧਾਰਦਾ ਹੈ ਜਿਸ ਕਰ ਕੇ ਇਸ ਨੂੰ ਓਹ ਕੁਛ ਭਾਨ ਪ੍ਰਤੀਤ ਹੋਇਆ ਕਰਦਾ ਹੈ ਜਦ ਕਿ ਨਿਰੰਕਾਰ ਨੇ ਓਅੰਕਾਰ ਰੂਪ ਹੋ ਕੇ ਬਿਬਿਧ ਬਿਥਾਰ ਅਨੇਕ ਸਰੂਪੀ ਸ੍ਰਿਸਟੀ ਦਾ ਪਸਰਾ ਪਸਾਰਿਆ ਸੀ ਭਾਵ ਨਿਰੰਕਾਰ ਦੇ ਓਅੰਕਾਰ ਰੂਪ ਹੋ ਪ੍ਰਗਟਨ ਦੀ ਬ੍ਯਵਸਥਾ ਹੂਬਹੂ ਵ੍ਯੋਂਤ ਇਸ ਦੇ ਅੰਤ੍ਰੀਵੀ ਧਿਆਨ ਵਿਚ ਸਾਖ੍ਯਾਤ ਹੋਇਆ ਕਰਦੀ ਹੈ।

ਗੁਰ ਸਿਖ ਸੰਧਿ ਮਿਲੇ ਸ੍ਵਾਮੀ ਸੇਵ ਸੇਵਕ ਹੁਇ ਬ੍ਰਹਮ ਬਿਬੇਕ ਪ੍ਰੇਮ ਭਗਤਿ ਅਚਾਰ ਹੈ ।

ਗੁਰ ਸਿੱਖ ਸੰਧਿ ਮਿਲੇ ਗੁਰੂ ਅਰ ਸਿੱਖ ਦੀ ਜੀਵ ਬ੍ਰਹਮ ਦੀ ਇਸ ਪ੍ਰਕਾਰ ਸੰਧੀ ਮਿਲੇ ਤਾਂ ਸ੍ਵਾਮੀ ਸੇਵ ਸੇਵਕ ਹੁਇ ਸੇਵਾ ਸੇ ਸੇਵਕ ਸ੍ਵਾਮੀ ਹੋਇ ਉਹ ਸੇਵਕ ਗੁਰਮੁਖ ਸਾਧਕ ਸੇਵਾ ਕਰਦਾ ਹੋਯਾ ਸਾਖ੍ਯਾਤ ਸ੍ਵਾਮੀ ਸ੍ਵਾਮੀ ਸਰੂਪ ਬ੍ਰਹਮ ਰੂਪ ਹੀ ਬਣ ਜਾਇਆ ਕਰਦਾ ਹੈ। ਇਸ ਅਵਸਥਾ ਵਿਖੇ ਪ੍ਰੇਮ ਭਗਤਿ ਅਚਾਰ ਐਹੋ ਜੇਹਾ ਪ੍ਰੇਮਾ ਭਗਤੀ ਦਾ ਵਿਹਾਰ ਵਰਤਦਾ ਹੈ ਕਿ ਪ੍ਰੇਮੀ ਪ੍ਰੀਤਮ ਅਰੁ ਪ੍ਰੀਤਮ ਪ੍ਰੇਮੀ ਇਕੋ ਰੂਪ ਹੋ ਜਾਂਦੇ ਹਨ ਇਸ ਬ੍ਰਹਮ ਗਿਆਨ ਦੀ ਦਸ਼ਾ ਦਾ ਨਾਮ ਹੈ ਬ੍ਰਹਮ ਬਿਬੇਕ ਅਰਥਾਤ ਜਿਥੇ ਬਿਬੇਕ ਬਿਬ+ਏਕ ਦ੍ਵੈਤਾ ਏਕਤਾ ਨੂੰ ਪ੍ਰਾਪਤ ਹੋ ਕੇ ਬ੍ਰਹਮ ਹੀ ਬ੍ਰਹਮ ਭਾਨ ਪ੍ਰਤੀਤ ਹੋਯਾ ਕਰਦਾ ਹੈ 'ਦ੍ਵੈ ਤੇ ਏਕ ਰੂਪ ਹੈ ਗਇਓ ॥'

ਗੁਰਮੁਖਿ ਸੰਧ ਮਿਲੇ ਪਰਮਦਭੁਤ ਗਤਿ ਨੇਤ ਨੇਤ ਨੇਤ ਨਮੋ ਨਮੋ ਨਮਸਕਾਰ ਹੈ ।੫੧।

ਏਸ ਅਵਸਥਾ ਵਿਖੇ ਜਦ ਪੁੱਜ ਕੇ ਗੁਰਮੁਖ ਦੀ ਸੰਧੀ ਮਿਲਦੀ ਹੈ ਭਾਵ ਵਾਹਿਗੁਰੂ ਵਿਖੇ ਏਕਤਾ ਨੂੰ ਪ੍ਰਾਪਤ ਹੁੰਦਾ ਹੈ ਉਸ ਦੀ ਗਤੀ ਦਸ਼ਾ ਵਾ ਗਿਆਨ ਪਰਮ ਅਦਭੁਤ ਅਤ੍ਯੰਤ ਕਰ ਕੇ ਹੀ ਅਨੋਖਾ ਹੈ। ਵਰਨਣ ਕਰਣੋ ਤਾਂ ਉਹ ਅਨੰਤ ਹੈ, ਅਨੰਤ ਹੈ, ਅਨੰਤ ਹੈ ਬਸ ਮਨ ਬਾਣੀ ਸ੍ਰੀਰ ਕਰ ਕੇ ਐਸੇ ਗੁਰਮੁਖ ਤਾਈਂ ਬਾਰੰਬਾਰ ਨਮਸ਼ਕਾਰ ਹੀ ਕਰਦਾ ਹਾਂ ॥੫੧॥


Flag Counter