ਦੁਰਮਤਿ ਦੂਰ ਭਾਵੀ ਮਤਿ ਦ੍ਵੈਤ ਭਾਵੀ ਬੁਧੀ ਯਾ ਦੁਸ਼੍ਟਤਾ ਪ੍ਰਾਇਣ ਮਤਿ ਦੂਖਣਾ ਗ੍ਰਸੀ = ਵਿਕਾਰੀਂ ਰਚੀ ਬੁੱਧੀ ਨੂੰ ਮੇਟਕੇ ਜਦ ਗੁਰਮੁਖ ਪੁਰਖ ਦੇ ਹਿਰਦੇ ਅੰਦਰ ਗੁਰਮਤਿ ਸਤਿਗੁਰਾਂ ਦੀ ਸਿਖ੍ਯਾ ਪ੍ਰਗਾਸੀ ਉਜਲੇ = ਉਘੇ ਰੂਪ ਵਿਚ ਹੋ ਭਾਸੀ, ਤਾਂ ਗੁਵਾ ਕੇ ਅਗ੍ਯਾਨ ਵਾਹਗੁਰੂ ਦੇ ਪਾਸੇ ਦੀ ਬੇਸਮਝੀ ਤੇ ਅਨਜਾਨਤਾ ਨੂੰ ਜਾਨੇ = ਜਾਣ ਲੈਂਦਾ ਹੈ ਕਿ ਆਹ ਕੁਛ ਬ੍ਰਹਮਗ੍ਯਾਨ ਬ੍ਰਹਮ ਦੇਸ੍ਵਰੂਪ ਦਾ ਜਾਨਣਾ ਹੈ।
ਜਦ ਇਉਂ ਜਾਣ ਲੈਂਦਾ ਹੈ, ਤਦ ਓਸ ਸ੍ਵਰੂਪ ਨੂੰ ਧ੍ਯਾਨ ਵਿਚ ਲ੍ਯੌਂਦਾ, ਦਰਸ ਸਾਖ੍ਯਾਤਕਾਰ = ਮਾਨੋਂ ਸਾਮਰਤਖ ਓਸੇ ਅਨਭਉ ਨੂੰ ਪ੍ਰਾਪਤ ਕਰ ਲੈਂਦਾ ਹੈ, ਤੇ ਇਸ ਸਾਖ੍ਯਾਤਕਾਰਿਤਾ ਦੇ ਪ੍ਰਾਪਤ ਹੋਯਾਂ ਹੋਰ ਧ੍ਯਾਨ ਧਾਰਣੇ ਭੁੱਲ ਜਾਂਦਾ ਹੈ ਬੇਲੋੜੇ ਹੋ ਜਾਣ ਕਰ ਕੇ, ਸ਼ਬਦ ਸੁਰਤਿ ਇਸ ਬਾਰੇ ਵਿਚ ਕੁਛ ਹੋਰ ਸ਼ਬਦ ਸੁਨਣ ਅਥਵਾ ਕਹਿਨ ਵਜੋਂ ਮੋਨ ਬ੍ਰਤ ਚੁੱਪ ਦੀ ਪ੍ਰਤਗ੍ਯਾ ਨੂੰ ਹੀ ਪਰਵਾਣ ਕਬੂਲ ਕਰ ਲਿਆ ਕਰਦਾ ਹੈ। ਭਾਵ ਸਮੂਹ ਬਿਰਤੀਆਂ ਵਲੋਂ ਚੁਪ ਸਾਧ ਲੈਂਦਾ ਅਥਵਾ ਇਸ ਬਾਰੇ ਵਿਚ ਕੁਛ ਕਹਿਣ ਸੁਣਨ ਦੀ ਗੰਮਤਾ ਹੀ ਓਸ ਦੇ ਅੰਦਰੋਂ ਮੂਲੋਂ ਉਠ ਜਾਇਆ ਕਰਦੀ ਹੈ।
ਬੱਸ ਇਸ ਮਾਤ੍ਰ ਪ੍ਰੇਮ ਰਸ ਦਾ ਰਸੀਆ ਹੋ ਕੇ ਤੇ ਹੋਰ ਬਾਹਰਮੁਖੀ ਰਸਾਂ ਸ੍ਵਾਦਾਂ = ਖਿੱਚਾਂ ਵਲੋਂ ਰਸ ਰਹਿਤ ਫਿੱਕੇ ਦਿਲ ਵਾਲਾ ਬਣ ਕੇ ਸਰੂਪ ਪ੍ਰਕਾਸ਼ ਮਯ ਪਰਮਾਤਮਾ ਵਿਖੇ ਮਿਲ ਕੇ ਜੋਤੀ ਮੈਂ ਜ੍ਯੋਤੀਮਈ = ਪ੍ਰਕਾਸ਼ ਰੂਪ ਹੀ ਹੋ ਜਾਂਦਾ ਤੇ 'ਸੋਹੰ ਸੋਹੰ' ਦੀ ਸੁਰ ਰਟ ਦੀ ਤਾਨ ਤਾਰ ਅੰਦਰੇ ਅੰਦਰ ਬੰਨ ਲਿਆ ਕਰਦਾ ਹੈ। ਭਾਵ ਅਪਨੇ ਅੰਦਰ ਓਸੇ ਨੂੰ ਹੀ ਆਪ ਰੂਪ ਹੋ ਵੱਸਿਆ ਸਾਖ੍ਯਾਤ ਅਨਭਉ ਕਰ ਕੇ 'ਸੋਈ ਮੈਂ ਹਾਂ' 'ਸੋਈ ਮੈਂ ਹਾਂ' ਇਹ ਰਟ ਲਗਾਈ ਰਖਦਾ ਹੈ।
ਅਸਲ ਵਿਚ ਗੁਰੂ ਸਿੱਖ ਦੀ ਸੰਧੀ ਮੇਲ ਇਸੇ ਅਵਸਥਾ ਵਿਚ ਹੀ ਹੁੰਦਾ ਹੈ ਤੇ ਇਥੇ ਆਣ ਕੇ ਹੀ ਵੀਹਾਂ ਦੇ ਵਰਤਾਰੇ ਵਿਚ ਵਰਤਨਹਾਰਾ ਇਹ ਲੋਕ ਤੇ ਇਕੀਸਵੇਂ ਭਾਵ ਵਿਖੇ ਵਰਤਨਹਾਰਾ ਪਰਲੋਕ ਪਿੰਡੀ ਔਰ ਬ੍ਰਹਮੰਡੀ ਸਮੂਹ ਸ੍ਰਿਸ਼ਟੀ ਈਸ ਈਸ੍ਵਰ ਮਈ ਹੋਣ ਦਾ ਪੂਰਣ ਬਿਬੇਕ ਪੂਰਾ ਪੂਰਾ ਗ੍ਯਾਨ ਹੁੰਦਾ ਹੈ ਤੇ ਇਸ ਹੀ ਇਕ ਮਾਤ੍ਰ ਏਕਤਾ ਦੀ ਟੇਕ ਨਿਸਚਾ ਹਿਰਦੇ ਅੰਦਰ ਲਿਔਂਦਾ ਧਾਰਣ ਕਰਦਾ ਹੈ ॥੩੪॥