ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 241


ਆਦਿ ਹੀ ਅਧਾਨ ਬਿਖੈ ਹੋਇ ਨਿਰਮਾਨ ਪ੍ਰਾਣੀ ਮਾਸ ਦਸ ਗਨਤ ਹੀ ਗਨਤ ਬਿਹਾਤ ਹੈ ।

ਪ੍ਰਾਣੀ ਜੀਵ ਅਧਾਨ ਗਰਭ ਅੰਦਰ ਔਣ ਸਾਰ ਆਦਿ ਹੀ ਅਰੰਭ ਤੋਂ ਹੀ ਹੋਇ ਨਿਰਮਾਨ ਦੀਨ ਆਜਜ਼ ਬਣ ਕੇ ਯਾ ਆਤੁ ਆਯਾ ਹੋਯਾ ਇਕ ਇਕ ਦਿਨ ਗਿਣਦਿਆਂ ਗਿਣਦਿਆਂ ਦਸ ਮਹੀਨੇ ਇਸੇ ਤਰ੍ਹਾਂ ਬਿਤਾ ਲੈਂਦਾ ਹੈ।

ਜਨਮਤ ਸੁਤ ਸਭ ਕੁਟੰਬ ਅਨੰਦ ਮਈ ਬਾਲ ਬੁਧਿ ਗਨਤ ਬਿਤੀਤ ਨਿਸਿ ਪ੍ਰਾਤ ਹੈ ।

ਤੇ ਜਦ ਉਹ ਪੁਤ੍ਰ ਰੂਪ ਹੋ ਕੇ ਜੰਮ ਪੈਂਦਾ ਹੈ ਤਾਂ ਸਾਰਾ ਪ੍ਰਵਾਰ ਹੀ ਆਨੰਦ ਮਈ ਆਨੰਦ ਰੂਪ ਖੁਸ਼ ਪ੍ਰਸੰਨ ਹੋ ਜਾਂਦਾ ਹੈ, ਅਰੁ ਇਸੇ ਤਰ੍ਹਾਂ ਨਾਲ ਰਾਤ ਪ੍ਰਾਤ ਦਿਨ ਗਿਣਦਿਆਂ ਬਾਲ ਬੁਧਿ ਬਾਲਪੁਣਾ ਭੀ ਬਿਤਾ ਲਿਆ ਕਰਦਾ ਹੈ।

ਪਢਤ ਬਿਹਾਵੀਅਤ ਜੋਬਨ ਮੈ ਭੋਗ ਬਿਖੈ ਬਨਜ ਬਿਉਹਾਰ ਕੇ ਬਿਥਾਰ ਲਪਟਾਤ ਹੈ ।

ਫੇਰ ਪੜ੍ਹਨ ਉਪ੍ਰੰਤ ਵਿਆਹੀਦਾ ਹੈ, ਜਦ ਕਿ ਜੋਬਨ ਅਵਸਥਾ ਵਿਖੇ ਭੋਗਾਂ ਦੇ ਅਤੇ ਵਣਜ ਵਪਾਰ ਦੇ ਪਸਾਰੇ ਵਿਚ ਲੰਪਟ ਹੋਯਾ ਰਹਿੰਦਾ ਹੈ।

ਬਢਤਾ ਬਿਆਜ ਕਾਜ ਗਨਤ ਅਵਧ ਬੀਤੀ ਗੁਰ ਉਪਦੇਸ ਬਿਨੁ ਜਮਪੁਰ ਜਾਤ ਹੈ ।੨੪੧।

ਇਸੇ ਭਾਂਤ ਕਾਜ ਕਾਰਜਾਂ ਕੰਮਾਂ ਧੰਦਿਆਂ ਨੂੰ ਗਿਣਦਿਆਂ ਚਿਤਾਰਦਿਆਂ ਚਿਤਾਰਦਿਆਂ ਆਯੂ ਹੀ ਬੀਤ ਜਾਂਦੀ ਹੈ ਤੇ ਪਿਛਲੇ ਜਨਮ ਜਨਮਾਂਤ੍ਰਾਂ ਦੇ ਕੀਤਿਆਂ ਹੋਇਆਂ ਸੰਚਿਤ ਕਰਮਾਂ ਦੇ ਮੂਲ ਵਿਚ ਇਸ ਜਨਮ ਦੇ ਕੀਤੇ ਹੋਏ ਕ੍ਰਿਯਮਾਨ ਕਰਮਾਂ ਦਾ ਬ੍ਯਾਜ ਫਲ ਭੁਗਤਾਨ ਹੋਰ ਵਾਧਾ ਹੋ ਜਾਂਦਾ ਹੈ। ਬੱਸ ਇਕ ਗੁਰ ਉਪਦੇਸ਼ ਧਾਰੇ ਬਿਨਾਂ ਨਰਕ ਵਿਚ ਪੁਜ ਕੇ ਪਿਆ ਓੜਕ ਨੂੰ ਪਛੁਤਾਇਆ ਕਰਦਾ ਹੈ ॥੨੪੧॥


Flag Counter